ਚੰਡੀਗੜ੍ਹ: ਕੱਲ੍ਹ ਮਜੀਠਾ ਵਿੱਚ ਸਾਬਕਾ ਅਕਾਲੀ ਸਰਪੰਚ ਦੀ ਹੱਤਿਆ ਕਰ ਦਿੱਤੀ ਗਈ। ਇਸ ਬਾਰੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੇਰੇ ਬਹੁਤ ਨਜ਼ਦੀਕੀ ਦੋਸਤ ਬਾਬਾ ਗੁਰਦੀਪ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਇਹ ਰਾਜਨੀਤਕ ਕਤਲ ਹੈ ਜੋ ਕਾਂਗਰਸ ਦੇ ਸ਼ਹਿ ਹੇਠ ਹੋਇਆ ਹੈ। ਇਹ ਉਸੇ ਸਿਆਸਤ ਤੇ ਗੈਂਗਸਟਰਾਂ ਦੇ ਗੱਠਜੋੜ ਕਾਰਨ ਹੋਇਆ ਜਿਸ 'ਤੇ ਅਸੀਂ ਚਿੰਤਾ ਜ਼ਾਹਰ ਕਰਦੇ ਸੀ। ਉਹ ਇੱਕ ਧਾਰਮਿਕ ਵਿਅਕਤੀ ਸੀ। ਉਹ 5 ਸਾਲ ਪਹਿਲਾਂ ਸਰਪੰਚ ਵੀ ਰਿਹਾ ਸੀ ਤੇ ਇਸ ਵਾਰ ਉਸ ਦੀ ਪਤਨੀ ਸਰਪੰਚ ਹੈ।


ਮਜੀਠੀਆ ਨੇ ਕਿਹਾ ਕਿ ਜਦੋਂ ਤੋਂ ਮੈਂ ਸੁਖਜਿੰਦਰ ਸਿੰਘ ਰੰਧਾਵਾ ਤੇ ਜੱਗੂ ਭਗਵਾਨਪੁਰੀਆ ਗੱਠਜੋੜ ਬਾਰੇ ਜ਼ਿਕਰ ਕੀਤਾ ਹੈ, ਮੈਨੂੰ ਉਸ ਦਿਨ ਤੋਂ ਧਮਕੀਆਂ ਮਿਲ ਰਹੀਆਂ ਹਨ। ਮਜੀਠੀਆ ਨੇ ਕਿਹਾ ਉਨ੍ਹਾਂ ਇਸ ਬਾਰੇ ਡੀਜੀਪੀ ਨੂੰ ਵੀ ਲਿਖਿਆ ਹੈ। ਮਜੀਠੀਆ ਨੇ ਕਿਹਾ ਕਿ ਜਿਸ ਤਰੀਕੇ ਨਾਲ ਮੇਰੇ ਸਾਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਹ ਸੰਦੇਸ਼ ਭੇਜਣ ਦੀ ਕੋਸ਼ਿਸ਼ ਹੈ ਕਿ ਜੇ ਮੈਂ ਮੂੰਹ ਬੰਦ ਨਾ ਕੀਤਾ ਤਾਂ ਨਤੀਜਾ ਚੰਗਾ ਨਹੀਂ ਹੋਵੇਗਾ।

ਸਿਰਫ ਇਹ ਹੀ ਨਹੀਂ, ਬਲਕਿ ਮਜੀਠੀਆ ਨੇ ਦਾਅਵਾ ਕੀਤਾ ਕਿ ਮੇਰੇ ਨਜ਼ਦੀਕਿਆਂ ਨੂੰ ਮੈਸੇਜ ਭੇਜਿਆ ਜਾ ਰਿਹਾ ਹੈ ਪਰ ਮੈਂ ਸਪਸ਼ਟ ਕਰ ਦਿੰਦਾ ਹਾਂ ਕਿ ਅਸੀਂ ਸੱਚਾਈ ਲਈ ਲੜਨਾ ਨਹੀਂ ਛੱਡਾਂਗੇ। ਉਨ੍ਹਾਂ ਕਿਹਾ ਕਿ ਇਸ ਕਤਲੇਆਮ ਵਿੱਚ ਕਾਂਗਰਸ ਦੇ ਉਹ ਲੋਕ ਸ਼ਾਮਲ ਹਨ ਜੋ ਅਕਾਲੀ ਦਲ ਖਿਲਾਫ ਚੋਣ ਜਿੱਤਣ ਵਿੱਚ ਕਾਮਯਾਬ ਨਹੀਂ ਹੋਏ। ਹੁਣ ਇਸ ਕਤਲ ਵਰਗੇ ਮਾਮਲਿਆਂ ਨੂੰ ਅੰਜਾਮ ਦੇ ਰਹੇ ਹਨ।

ਮਜੀਠੀਆ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਡੀਜੀਪੀ ਸਣੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇੱਕ ਪੱਤਰ ਲਿਖ ਚੁੱਕੇ ਸੀ ਕਿ ਜੱਗੂ ਗਰੋਹ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮਜੀਠੀਆ ਨੇ ਕਿਹਾ ਕਿ ਮੈਂ ਪਹਿਲਾਂ ਵੀ ਡੀਜੀਪੀ ਨੂੰ ਜਾਣਕਾਰੀ ਦਿੱਤੀ ਹੈ, ਜੇ ਅਜਿਹੀ ਸਥਿਤੀ ਵਿੱਚ ਕੋਈ ਕਤਲ ਹੁੰਦਾ ਹੈ ਤਾਂ ਤੁਸੀਂ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦੇ ਹੋ। ਮਜੀਠੀਆ ਨੇ ਕਿਹਾ ਕਿ ਜੇਲ੍ਹਾਂ ਵਿੱਚੋਂ ਨਵੇਂ ਸਾਲ ਦੀ ਖੁਸ਼ੀ ਜਿਸ ਤਰ੍ਹਾਂ ਏ ਕੇ 47 ਨਾਲ ਅਪਡੇਟ ਹੋ ਰਹੀ ਹੈ, ਡੀਜੀਪੀ ਕਿਵੇਂ ਕਹਿ ਰਹੇ ਹਨ ਕਿ ਜੇਲ੍ਹਾਂ ਵਿੱਚ ਕੁਝ ਨਹੀਂ।