ਮੋਗਾ: ਇੱਥੋਂ ਦੇ 100 ਪਿੰਡਾਂ 'ਚ ਲਿੰਗ ਅਨੁਪਾਤ ਦਾ ਗ੍ਰਾਫ ਇੰਨਾ ਜ਼ਿਆਦਾ ਵਿਗੜ ਚੁੱਕਿਆ ਹੈ ਕਿ ਇੱਥੇ ਇੱਕ ਹਜ਼ਾਰ ਮੁੰਡਿਆਂ ਪਿੱਛੇ ਮਹਿਜ਼ 750 ਧੀਆਂ ਨੇ ਜਨਮ ਲਿਆ। ਇਹ ਫਿਕਰਮੰਦ ਖੁਲਾਸਾ ਡਿਪਟੀ ਕਮੀਸ਼ਨਰ ਸੰਦੀਪ ਹੰਸ ਦੇ ਹੁਕਮਾਂ ਤੋਂ ਬਾਅਦ ਪਿੰਡਾਂ 'ਚ ਕੀਤੇ ਸਰਵੇ ਤੋਂ ਹੋਇਆ ਹੈ। ਜਦਕਿ ਇਹ ਸੂਚੀ ਪ੍ਰਸਾਸ਼ਨ ਨੇ ਅਜੇ ਜਨਤਕ ਨਹੀਂ ਕੀਤੀ।


ਬੀਤੇ ਕਈ ਸਾਲਾ ਤੋਂ ਮੋਗਾ 'ਚ ਲਿੰਗ ਜਾਂਚ ਦਾ ਗੈਰ ਕਾਨੂੰਨੀ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ। ਬੀਤੇ ਪੰਜ ਸਾਲਾਂ 'ਚ ਕਰੀਬ ਪੰਜ ਵਾਰ ਸਿਰਸਾ ਸਿਹਤ ਵਿਭਾਗ ਟੀਮ ਨੇ ਸਟਿੰਗ ਕਰਕੇ ਮੋਗਾ 'ਚ ਭਰੂਣ ਲਿੰਗ ਜਾਂਚਣ ਵਾਲੇ ਸਕੈਨ ਸੈਂਟਰਾਂ ਨੂੰ ਫੜ ਸੀਲ ਕੀਤਾ ਹੈ।

ਉਧਰ ਪੰਜਾਬ ਸਿਹਤ ਵਿਭਾਗ ਦਾ ਦਾਅਵਾ ਸੀ ਕਿ ਜ਼ਿਲ੍ਹੇ 'ਚ ਲਿੰਗ ਅਨੁਪਾਤ ਸੁਧਰ ਰਿਹਾ ਹੈ। ਇੱਥੇ ਸਾਲ 2019 'ਚ ਇੱਕ ਹਜ਼ਾਰ ਮੁੰਡਿਆ ਦੇ ਮੁਕਾਬਲੇ 932 ਕੁੜੀਆਂ ਹਨ। ਇਸ ਦੀ ਸਚਾਈ ਪਤਾ ਕਰਨ ਲਈ ਡੀਸੀ ਮੋਗਾ ਨੇ ਜ਼ਿਲ੍ਹੇ ਦੇ 430 ਪਿੰਡਾਂ ਦੀ ਪਛਾਣ ਕਰਨ ਨੂੰ ਕਿਹਾ ਜਿੱਥੇ ਲਿੰਗ ਅਨੁਪਾਤ ਘੱਟ ਸੀ। ਇਸ ਤੋਂ ਬਾਅਦ ਜ਼ਿਲ੍ਹੇ ਦੇ ਪੰਜ ਬਲਾਕ ਦੇ ਕੁੱਲ 100 ਪਿੰਡਾਂ 'ਚ ਇਹ ਸਰਵੇਖਣ ਕਰਵਾਇਆ ਗਿਆ ਜਿਸ 'ਚ ਇਹ ਚਿੰਤਾ ਦੇ ਹਾਲਾਤ ਸਾਹਮਣੇ ਲਿਆਂਦੇ।