ਬਟਾਲਾ: ਪੁਲਿਸ ਲਾਈਨ ਦੇ ਮਾਲਖਾਨੇ 'ਚੋਂ ਹਥਿਆਰ ਗ਼ਾਇਬ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਸਬੰਧੀ ਜਦੋਂ ਮਾਲਖਾਨੇ ਦੇ ਇੰਚਾਰਜ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਹੈਰਾਨੀਜਨਕ ਖੁਲਾਸੇ ਹੋਏ। ਸੂਤਰ ਦੱਸਦੇ ਹਨ ਕਿ ਕੁੱਲ ਪੰਜ ਹਥਿਆਰ ਚੋਰੀ ਹੋਏ ਸਨ, ਜਿਨ੍ਹਾਂ ਵਿੱਚੋਂ ਤਿੰਨ ਬਰਾਮਦ ਕਰ ਲਏ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤਕ ਇੱਕ ਮਾਲਖਾਨਾ ਇੰਚਾਰਜ ਸਮੇਤ ਕੁੱਲ ਛੇ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਬਟਾਲਾ ਦੇ ਉਪ ਪੁਲਿਸ ਕਪਤਾਨ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਮਾਲਖਾਨੇ ਦੀ ਨਿਯਮਿਤ ਜਾਂਚ ਦੌਰਾਨ ਪਤਾ ਲੱਗਾ ਕਿ ਵੱਖ-ਵੱਖ ਮਾਮਲਿਆਂ ਵਿੱਚ ਜ਼ਬਤ ਕੀਤੇ ਹਥਿਆਰਾਂ ਦੀ ਗਿਣਤੀ ਪੂਰੀ ਨਹੀਂ ਹੈ। ਇਸ ਬਾਰੇ ਜਦੋਂ ਉਨ੍ਹਾਂ ਮਾਲਖਾਨੇ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਸੁਰਿੰਦਰਜੀਤ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਸੁਰਿੰਦਰਜੀਤ ਦੇ ਪੁੱਤਰ ਬਲਜੋਤ ਸਿੰਘ ਨੇ ਆਪਣੇ ਮਾਮੇ ਦੇ ਪੁੱਤ ਤੇਜਿੰਦਰ ਸਿੰਘ ਨਾਲ ਮਿਲਕੇ ਹਥਿਆਰ ਚੋਰੀ ਕੀਤੇ ਹਨ। ਡੀ.ਐਸ.ਪੀ. ਮੁਤਾਬਕ ਸੁਰਿੰਦਰਜੀਤ ਨੂੰ ਮਿਲਣ ਦਫ਼ਤਰ ਬਲਜੋਤ ਤੇ ਤੇਜਿੰਦਰ ਨੇ ਮਾਲਖਾਨੇ ਦੀਆਂ ਨਕਲੀ ਚਾਬੀਆਂ ਤਿਆਰ ਕਰ ਲਈਆਂ ਤੇ ਉੱਥੋਂ ਪਿਸਤੌਲ ਚੋਰੀ ਕਰ ਲਏ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਪੈਸਿਆਂ ਦੇ ਲਾਲਚ ਵਿੱਚ ਇਨ੍ਹਾਂ ਹਥਿਆਰਾਂ ਨੂੰ ਅੱਗੇ ਬਟਾਲਾ ਦੇ ਹੀ ਰਹਿਣ ਵਾਲੇ ਨੌਜਵਾਨ ਲਵਪ੍ਰੀਤ ਸਿੰਘ ਨੂੰ ਵੇਚ ਦਿੱਤਾ ਸੀ। ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਮਾਲਖਾਨਾ ਇੰਚਾਰਜ ਏ.ਐਸ.ਆਈ. ਤੇ ਪੁੱਤਰ ਤੇ ਰਿਸ਼ਤੇਦਾਰ ਤੋਂ ਇਲਾਵਾ ਇਸ ਮਾਮਲੇ ਵਿੱਚ ਤਿੰਨ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਤੋਂ ਚੋਰੀ ਕੀਤੇ ਤਿੰਨ ਪਿਸਤੌਲ ਵੀ ਬਰਾਮਦ ਕੀਤੇ ਹਨ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਚੋਰੀ ਕਰ ਵੇਚੇ ਗਏ ਇਨ੍ਹਾਂ ਹਥਿਆਰਾਂ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਤਾਂ ਨਹੀਂ ਦਿੱਤਾ ਗਿਆ।