Kisan Andolan: ਪੰਜਾਬ ਅਤੇ ਹਰਿਆਣਾ ਦੇ ਕਿਸਾਨ ਅਜੇ ਵੀ ਦਿੱਲੀ ਵੱਲ ਮਾਰਚ ਕਰਨ 'ਤੇ ਅੜੇ ਹੋਏ ਹਨ। ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਅਰਧ ਸੈਨਿਕ ਬਲਾਂ ਨਾਲ ਕਿਸਾਨਾਂ ਦੀ ਝੜਪ ਹੋਈ। ਕਿਸਾਨਾਂ ਨੇ ਫੌਜੀਆਂ ਦੇ ਹੈਲਮੇਟ ਅਤੇ ਡੰਡੇ ਖੋਹ ਲਏ। ਦੂਜੇ ਪਾਸੇ ਕਿਸਾਨਾਂ ਦਾ ਦੋਸ਼ ਹੈ ਕਿ ਅਰਧ ਸੈਨਿਕ ਬਲ ਸਾਡੇ 'ਤੇ ਹਮਲਾ ਕਰ ਰਹੇ ਹਨ।
ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਮੀਟਿੰਗ ਹੋਵੇਗੀ। ਇਸ ਬੈਠਕ 'ਚ ਕੇਂਦਰੀ ਮੰਤਰੀ ਅਰਜੁਨ ਮੁੰਡਾ, ਪੀਯੂਸ਼ ਗੋਇਲ ਅਤੇ ਨਿਤਿਆਨੰਦ ਰਾਏ ਮੌਜੂਦ ਰਹਿਣਗੇ। ਦੋਵਾਂ ਧਿਰਾਂ ਵਿਚਾਲੇ ਇਹ ਤੀਜਾ ਦੌਰ ਹੋਵੇਗਾ। ਪਿਛਲੀਆਂ ਦੋ ਮੀਟਿੰਗਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਬੀਤੇ ਦਿਨ ਵੀ ਵੀਡੀਓ ਕਾਨਫੰਰਸਿੰਗ ਜ਼ਰੀਏ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਹੋਈ ਸੀ। ਜਿਸ ਵਿੱਚ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ ਅਤੇ ਸੁਖਜੀਤ ਸਿੰਘ ਦੇ ਨਾਲ ਨਾਲ ਏਡੀਜੀਪੀ ਜਸਕਰਨ ਸਿੰਘ ਤੇ ਨਰੇਂਦਰ ਭਾਰਗਵ ਮੌਜੂਦ ਸਨ। ਇਸ ਤੋਂ ਬਾਅਦ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵੀ ਮੁਲਾਕਾਤ ਕੀਤੀ ਸੀ।
ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਦੇ 7 ਜ਼ਿਲ੍ਹਿਆਂ ਅਤੇ ਰਾਜਸਥਾਨ ਦੇ 3 ਜ਼ਿਲ੍ਹਿਆਂ ਵਿੱਚ ਇੰਟਰਨੈਟ ਬੰਦ ਹੈ। 15 ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਹੈ। ਹਰਿਆਣਾ ਅਤੇ ਦਿੱਲੀ ਦੀ ਸਿੰਘੂ-ਟਿਕਰੀ ਸਰਹੱਦ, ਯੂਪੀ ਨਾਲ ਜੁੜੀ ਗਾਜ਼ੀਪੁਰ ਸਰਹੱਦ ਸੀਲ ਕਰ ਦਿੱਤੀ ਗਈ ਹੈ। ਦਿੱਲੀ ਵਿੱਚ ਵੀ ਇੱਕ ਮਹੀਨੇ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਅਨਿਲ ਵਿਜ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਨੇ ਕਿਸਾਨਾਂ ਨੂੰ ਕਿਉਂ ਨਹੀਂ ਰੋਕਿਆ ਜੇ ਰੋਕ ਲਾਈ ਹੁੰਦੀ ਤਾਂ ਹਰਿਆਣਾ ਦੀ ਸਰਹੱਦ ਤੱਕ ਨਾ ਪਹੁੰਚਦੇ। ਅਨਿਲ ਵਿਜ ਨੇ ਕਿਹਾ ਕੀ ਇਹ ਹੁਣ ਭਾਰਤ ਪਾਕਿਸਤਾਨ ਬਣ ਗਿਆ ਹੈ। ਕਿਸਾਨ ਦਿੱਲੀ ਨੂੰ ਦਹਿਲਾਉਣਾ ਚਾਹੁੰਦੇ ਹਨ ਅਸੀਂ ਤਾਂ ਇਹਨਾਂ ਨੁੰ ਰੋਕਾਂਗੇ ਹੀ।
ਅਨਿਲ ਵਿਜ ਨੇ ਕਿਹਾ ਕਿ ਜੇ ਕਿਸਾਨ ਸਾਡੇ ਜਵਾਨਾਂ ਨੂੰ ਮਾਰ ਕੇ ਪੰਜਾਬ ਭੱਜਦੇ ਹਨ ਤਾਂ ਅਸੀਂ ਇਹਨਾਂ ਨੂੰ ਫੜਾਂਗੇ ਹੀ। ਇਸ ਤੋਂ ਇਲਾਵਾ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡੇ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਕਿਸਾਨਾਂ ਵੱਲੋਂ ਪੱਥਰਬਾਜ਼ੀ ਕੀਤੀ ਜਾ ਰਹੀ ਹੈ। ਸਾਡੇ ਇੱਕ ਡੀਐਸਪੀ ਸਮੇਤ 25 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ।