ਆਪਣਿਆਂ ਦੇ ਹੀ ਅੜਿੱਕਿਆਂ ਕਰਕੇ ਭਗਵੰਤ ਮਾਨ ਦਾ ਰਾਹ ਹੋਇਆ ਔਖਾ
ਏਬੀਪੀ ਸਾਂਝਾ | 19 Apr 2019 05:55 PM (IST)
ਇਸ ਵਾਰ ਲੋਕ ਸਭਾ ਚੋਣਾਂ ਪੰਜਾਬ ਲਈ ਸਭ ਤੋਂ ਅਹਿਮ ਹਨ। ਕਈ ਸਿਆਸੀ ਪਾਰਟੀਆਂ ਤੇ ਵੱਡੇ ਲੀਡਰਾਂ ਦਾ ਭਵਿੱਖ ਦਾਅ 'ਤੇ ਹੈ। ਇਨ੍ਹਾਂ ਵਿੱਚ ਆਮ ਆਦਮੀ ਪਾਰਟੀ ਤੇ ਪਾਰਟੀ ਪ੍ਰਧਾਨ ਭਗਵੰਤ ਮਾਨ ਅਹਿਮ ਹਨ। ਸਾਲ 2014 ਵਿੱਚ ਪਾਰਟੀ ਨੇ ਚਾਰ ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਵੇਲੇ ਭਗਵੰਤ ਮਾਨ ਨੇ ਸੰਗਰੂਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੂੰ ਦੋ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਚੰਡੀਗੜ੍ਹ: ਇਸ ਵਾਰ ਲੋਕ ਸਭਾ ਚੋਣਾਂ ਪੰਜਾਬ ਲਈ ਸਭ ਤੋਂ ਅਹਿਮ ਹਨ। ਕਈ ਸਿਆਸੀ ਪਾਰਟੀਆਂ ਤੇ ਵੱਡੇ ਲੀਡਰਾਂ ਦਾ ਭਵਿੱਖ ਦਾਅ 'ਤੇ ਹੈ। ਇਨ੍ਹਾਂ ਵਿੱਚ ਆਮ ਆਦਮੀ ਪਾਰਟੀ ਤੇ ਪਾਰਟੀ ਪ੍ਰਧਾਨ ਭਗਵੰਤ ਮਾਨ ਅਹਿਮ ਹਨ। ਸਾਲ 2014 ਵਿੱਚ ਪਾਰਟੀ ਨੇ ਚਾਰ ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਵੇਲੇ ਭਗਵੰਤ ਮਾਨ ਨੇ ਸੰਗਰੂਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੂੰ ਦੋ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਹੁਣ ਸਭ ਦੀਆਂ ਇਸ ਗੱਲ਼ 'ਤੇ ਨਜ਼ਰ ਹਨ ਕਿ ਭਗਵੰਤ ਮਾਨ ਇਹ ਇਤਿਹਾਸ ਮੁੜ ਸਿਰਜ ਸਕਣਗੇ। ਸੰਗੂਰਰ ਦੇ ਮੌਜੂਦਾ ਹਾਲਾਤ ਮੁਤਾਬਕ ਲੱਗਦਾ ਹੈ ਕਿ ਇਤਿਹਾਸ ਦੁਹਰਾਉਣਾ ਸੌਖਾ ਨਹੀਂ ਕਿਉਂਕਿ ਭਗਵੰਤ ਮਾਨ ਨੂੰ ਬਰਨਾਲਾ ਜ਼ਿਲ੍ਹੇ ’ਚ ਆਪਣੇ ਪੁਰਾਣੇ ਸਾਥੀਆਂ ਤੋਂ ਹੀ ਤਕੜੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਦੀ ਫੁੱਟ ਕਾਰਨ ਭਗਵੰਤ ਮਾਨ ਨੂੰ ਪਿੰਡਾਂ ਵਿੱਚ ਤਿੱਖੇ ਰੋਹ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਯਾਦ ਰਹੇ ਭਗਵੰਤ ਮਾਨ 2014 ਵਿੱਚ 5 ਲੱਖ 33 ਹਜ਼ਾਰ ਦੇ ਕਰੀਬ ਵੋਟਾਂ ਲੈ ਕੇ ਢੀਂਡਸਾ ਤੋਂ 2 ਲੱਖ ਤੋਂ ਵੱਧ ਵੋਟਾਂ ਦੀ ਲੀਡ ਨਾਲ ਜੇਤੂ ਰਹੇ ਸਨ। ਉਨ੍ਹਾਂ ਨੂੰ ਪੂਰੇ ਹਲਕੇ ਦੀ 51 ਫ਼ੀਸਦੀ ਵੋਟ ਪਈ ਸੀ। ਵਿਧਾਨ ਸਭਾ ਚੋਣਾਂ ਦੌਰਾਨ ਵੀ ਬਰਨਾਲਾ ਦੇ ਨੌਂ ਹਲਕਿਆਂ ‘ਚੋਂ ਪੰਜ ਉੱਪਰ ‘ਆਪ’ ਦੇ ਉਮੀਦਵਾਰ ਵਿਧਾਇਕ ਬਣੇ ਸਨ। ਇਸ ਵਿੱਚ ਬਰਨਾਲਾ ਜ਼ਿਲ੍ਹਾ ਪੂਰਾ ਹੀ ‘ਆਪ’ ਨੇ ਜਿੱਤਿਆ। ਜੇਕਰ ਅੱਜ ਦੀ ਗੱਲ਼ ਕਰੀਏ ਤਾਂ ਇਸ ਵਾਰ ਮਾਹੌਲ ਬਦਲ ਚੁੱਕਿਆ ਹੈ। ਸੁਖਪਾਲ ਖਹਿਰਾ ਦੇ ਪਾਰਟੀ ਤੋਂ ਵੱਖ ਹੋਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਵਰਕਰ ਪਾਰਟੀ ਤੋਂ ਟੁੱਟ ਗਏ ਹਨ। ਜ਼ਿਲ੍ਹੇ ਦੇ ਸਿਰਕੱਢ ਆਗੂ ਵੀ ਪਾਰਟੀ ਨੂੰ ਅਲਵਿਦਾ ਕਹਿ ਕੇ ਮਾਨ ਦੀ ਮੁਖਾਲਫ਼ਤ ਵਿੱਚ ਆ ਗਏ ਹਨ। ਭਦੌੜ ਤੋਂ ‘ਆਪ’ ਵਿਧਾਇਕ ਪਿਰਮਲ ਸਿੰਘ ਵੀ ਸੁਖਪਾਲ ਖਹਿਰਾ ਨਾਲ ਜੁੜ ਗਏ ਹਨ। ਉਹ ਭਗਵੰਤ ਮਾਨ ਖ਼ਿਲਾਫ਼ ਪੀਡੀਏ ਉਮੀਦਵਾਰ ਜੱਸੀ ਜਸਰਾਜ ਦੀ ਮਦਦ ਕਰ ਰਹੇ ਹਨ। ਇਸ ਲਈ ਭਗਵੰਤ ਮਾਨ ਨੂੰ ਆਪਣਿਆਂ ਦੇ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਗਵੰਤ ਮਾਨ ਨੇ ਬੇਸ਼ੱਕ ਆਪਣੇ ਹਲਕੇ ਵਿੱਚ ਕੰਮ ਕੀਤੇ ਹਨ ਪਰ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਪਹਿਲਾਂ ਵਾਂਗ ਹਵਾ ਨਹੀਂ ਹੈ। ਪਾਰਟੀ ਸੁਪਰੀਮੋ ਕੇਜਰੀਵਾਲ ਵੱਲੋਂ ਅਕਾਲੀ ਲੀਡਰ ਬਿਕਰਮ ਮਜੀਠੀਆ ਕੋਲੋਂ ਮੁਆਫੀ ਮੰਗਣ ਕਰਕੇ ਪੰਜਾਬੀ ਵੋਟਰ ਉਨ੍ਹਾਂ ਤੋਂ ਖਫਾ ਹੈ। ਇਸ ਦਾ ਖਮਿਆਜ਼ਾ ਭਗਵੰਤ ਮਾਨ ਨੂੰ ਭੁਗਤਣਾ ਹੀ ਪਏਗਾ।