ਚੰਡੀਗੜ੍ਹ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਦੀ ਅਗਵਾਈ 'ਚ ਕਰੀਬ 2 ਲੱਖ ਲੋਕ ਹਰਿਆਣਾ ਦੇ ਬਾਰਡਰ 'ਤੇ ਪਹੁੰਚ ਗਏ ਹਨ। ਸ਼ੰਭੂ, ਖਨੌਰੀ, ਰਤੀਆ, ਟੋਹਾਣਾ ਆਦਿ ਰਸਤਿਓਂ ਹਰਿਆਣਾ-ਸਰਕਾਰ ਦੇ ਅੜਿੱਕੇ ਪਾਰ ਕਰਦਿਆਂ ਹਜ਼ਾਰਾਂ ਕਿਸਾਨ ਟਰੈਕਟਰ-ਟਰਾਲੀਆਂ ਰਾਹੀਂ ਹਰਿਆਣੇ 'ਚ ਦਾਖ਼ਲ ਹੋ ਗਏ ਹਨ ਅਤੇ ਦਿੱਲੀ ਲਈ ਸਫ਼ਰ ਜਾਰੀ ਹੈ।
ਕਰੀਬ 10 ਹਜ਼ਾਰ ਟਰੈਕਟਰ-ਟਰਾਲੀਆਂ ਦੇ ਵੱਡੇ ਕਾਫ਼ਲੇ ਹਰਿਆਣਾ ਸਰਹੱਦ 'ਤੇ ਪਹੁੰਚ ਗਏ ਹਨ। ਦਿੱਲੀ ਲਈ 30 ਕਿਸਾਨ-ਜਥੇਬੰਦੀਆਂ ਦੇ ਕਾਫ਼ਲਿਆਂ ਦੀ ਅਗਵਾਈ ਕਰਨ ਵਾਲੇ ਲੀਡਰਾਂ 'ਚ ਸ਼ੰਭੂ ਬਾਰਡਰ ਰਾਹੀਂ ਨਿਰਭੈ ਸਿੰਘ ਢੁੱਡੀਕੇ ਅਤੇ ਸਾਥੀਆਂ ਦਾ ਕਾਫ਼ਲਾ, ਗੂਹਲਾ ਚੀਕਾਂ ਰੋਡ 'ਤੇ ਪਹੁੰਚਣ 'ਚ ਸਫਲ ਹੋਏ ਹਨ।
ਸਰਦੂਲਗੜ੍ਹ ਤੋਂ ਹਾਂਸਪੁਰ ਬੈਰੀਗੇਡ ਤੋੜ ਕੇ ਹਰਿਆਣਾ ਦੇ ਫਤਿਆਬਾਦ ਜਿਲ੍ਹੇ 'ਚ ਵੀ ਹਜ਼ਾਰਾਂ ਕਿਸਾਨ ਟਰੈਕਟਰਾਂ ਸਮੇਤ ਹਰਿਆਣਾ 'ਚ ਪਹੁੰਚ ਗਏ ਹਨ। ਇਸੇ ਦੌਰਾਨ ਪੰਜਾਬ ਭਰ 'ਚ 30 ਕਿਸਾਨ-ਜਥੇਬੰਦੀਆਂ ਵੱਲੋਂ ਟੋਲ-ਪਲਾਜ਼ਿਆਂ, ਭਾਜਪਾ ਆਗੂਆਂ ਦੇ ਘਰਾਂ, ਅੰਬਾਨੀਆਂ ਦੇ ਰਿਲਾਇੰਸ ਪੰਪਾਂ ਅਤੇ ਸ਼ਾਪਿੰਗ-ਮਾਲਜ਼ ਸਾਹਮਣੇ ਵੀ ਕਰੀਬ 50 ਥਾਵਾਂ 'ਤੇ ਪੱਕੇ-ਧਰਨੇ ਜਾਰੀ ਰੱਖੇ ਗਏ।
ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਕਿਸਾਨਾਂ ਨੇ ਹਰਿਆਣਾ ਦੇ ਮੁੱਖ-ਮੰਤਰੀ ਮਨੋਹਰ ਲਾਲ ਖੱਟੜ ਦੇ ਪੁਤਲੇ ਵੀ ਫੂਕੇ। ਕਿਸਾਨ-ਲੀਡਰਾਂ ਨੇ ਹਰਿਆਣਾ-ਸਰਕਾਰ ਵੱਲੋਂ ਪੰਜਾਬ ਦੇ ਕਿਸਾਨ 'ਤੇ ਲਾਠੀਚਾਰਜ ਕਰਨ, ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਅੱਥਰੂ-ਗੈਸ ਦੇ ਗੋਲ਼ਿਆਂ ਰਾਹੀਂ ਕੀਤੇ ਅੱਤਿਆਚਾਰ ਨੂੰ ਤਾਨਾਸ਼ਾਹੀ ਕਰਾਰ ਦਿੱਤਾ।
ਖੱਟੜ ਸਰਕਾਰ ਵੱਲੋਂ ਹਰਿਆਣਾ ਦੀਆਂ ਹੱਦਾਂ ਸੀਲ ਕਰਕੇ ਗੈਰ-ਜਮਹੂਰੀ ਤਰੀਕਿਆਂ ਨਾਲ ਪੰਜਾਬ ਦੇ ਕਿਸਾਨਾਂ ਦਾ ਰਾਹ ਰੋਕਿਆ ਅਤੇ ਜ਼ਬਰ ਕੀਤਾ ਗਿਆ। ਪਰ ਫਿਰ ਵੀ ਹਜ਼ਾਰਾਂ ਟਰੈਕਟਰ-ਟਰਾਲੀਆਂ ਦੇ ਕਾਫ਼ਲੇ ਹਰਿਆਣਾ 'ਚ ਦਾਖ਼ਲ ਹੋਣ ਲਈ ਸਫ਼ਲ ਹੋ ਗਏ ਹਨ।