Punjab News: ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਗਰੋਹ ਫਿਰੌਤੀਆਂ ਮੰਗਣ ਤੋਂ ਬਾਜ ਨਹੀਂ ਆ ਰਿਹਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਪੁਲਿਸ ਨੇ ਗੋਲਡੀ ਬਰਾੜ ਉਪਰ ਸਿਕੰਜਾ ਕੱਸਿਆ ਹੈ ਪਰ ਪੰਜਾਬ ਅੰਦਰ ਉਸ ਦੇ ਨਾਂ ਉੱਪਰ ਸ਼ਰੇਆਮ ਧਮਕੀਆਂ ਦੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਬਠਿੰਡਾ ਪੁਲਿਸ ਨੇ ਹੁਣ ਗੋਲਡੀ ਬਰਾੜ ਦੇ ਗਰੋਹ ਦੇ ਦੋ ਗੈਂਗਸਟਰ ਜਸਵਿੰਦਰ ਉਰਫ ਘੋੜਾ ਤੇ ਅੰਗਰੇਜ਼ ਉਰਫ ਲਾਡੀ ਨੂੰ ਗ੍ਰਿਫ਼ਤਾਰ ਕੀਤਾ ਹੈ। 



ਇਸ ਬਾਰੇ ਐਸਐਸਪੀ ਜੇ. ਇਲਨਚੇਲੀਅਨ ਨੇ ਦੱਸਿਆ ਕਿ ਪਿਛਲੇ ਹਫ਼ਤੇ ਰਾਮਾ ਮੰਡੀ ਦੇ ਵਪਾਰੀ ਨੂੰ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਤੇ ਇੱਕ ਹੋਰ ਗੈਂਗਸਟਰ ਮਨਪ੍ਰੀਤ ਮੰਨਾ, ਜੋ ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ, ਵੱਲੋਂ ਵਟਸਐਪ ਕਾਲ ਕਰਕੇ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਗੈਂਗਸਟਰਾਂ ਵੱਲੋਂ ਵਪਾਰੀ ਨੂੰ ਡਰਾਉਣ ਲਈ ਦੋ ਸ਼ਾਰਪ ਸ਼ੂਟਰ ਉਸ ਦੇ ਘਰ ਅੱਗੇ ਹਵਾਈ ਫਾਇਰ ਕਰਨ ਲਈ ਭੇਜੇ ਗਏ ਸਨ।


ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਨੂੰ ਮੁੜ ਭੇਜਿਆ ਜਾਵੇਗਾ ਤਿਹਾੜ ਜੇਲ੍ਹ? ਜਾਨ ਨੂੰ ਖਤਰੇ ਦਾ ਡਰ


ਐਸਐਸਪੀ ਨੇ ਦੱਸਿਆ ਕਿ ਹਵਾਈ ਫਾਇਰ ਕਰਨ ਵਾਲੇ ਜਸਵਿੰਦਰ ਉਰਫ ਘੋੜਾ ਸਮੇਤ ਹਥਿਆਰ ਸਪਲਾਈ ਕਰਨ ਵਾਲੇ ਅੰਗਰੇਜ਼ ਉਰਫ ਲਾਡੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਮਨਪ੍ਰੀਤ ਮੰਨਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਤੋਂ ਬਾਅਦ ਕੀਤੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਇਹ ਯੋਜਨਾ ਉਸ ਨੇ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਤੇ ਆਪਣੇ ਨਾਲ ਹੀ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਤਰਨਜੀਤ ਸਿੰਘ ਤੰਨਾ ਨਾਲ ਮਿਲ ਕੇ ਬਣਾਈ ਸੀ।


ਇਸ ਤੋਂ ਬਾਅਦ ਅੰਗਰੇਜ਼ ਸਿੰਘ ਉਰਫ ਲਾਡੀ ਆਪਣੇ ਇੱਕ ਸਾਥੀ ਹਰਮਨ ਵਾਸੀ ਜੱਜਲ ਨਾਲ ਜਾ ਕੇ ਹਥਿਆਰ ਲੈ ਕੇ ਆਇਆ ਸੀ। ਇਨ੍ਹਾਂ ਹਥਿਆਰਾਂ ਦੇ ਨਾਲ ਗੈਂਗਸਟਰ ਜਸਵਿੰਦਰ ਉਰਫ ਘੋੜਾ ਤੇ ਗੁਰਦਾਸਪੁਰ ਨਾਲ ਸਬੰਧਤ ਦੋ ਹੋਰ ਸੂਟਰਾਂ ਰਵਿੰਦਰ ਉਰਫ ਅਭੀ ਤੇ ਨਵਦੀਪ ਨਵੀ ਨੇ ਵਪਾਰੀ ਦੇ ਘਰ ਅੱਗੇ ਗੋਲੀਬਾਰੀ ਕੀਤੀ ਸੀ। 


ਇਸ ਮਾਮਲੇ ਵਿੱਚ ਰਾਮਾ ਮੰਡੀ ਥਾਣੇ ਵਿਚ ਵਪਾਰੀ ਦੇ ਬਿਆਨਾਂ ’ਤੇ ਪਰਚਾ ਦਰਜ ਕਰਨ ਤੋਂ ਬਾਅਦ ਐਸਐਸਪੀ ਵੱਲੋਂ ਮਾਮਲੇ ਦੀ ਤਹਿ ਤਕ ਜਾਣ ਲਈ ਡੀਐਸਪੀ (ਤਲਵੰਡੀ ਸਾਬੋ) ਨਿਤਿਨ ਬਾਂਸਲ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਟੀਮ ਵੱਲੋਂ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਗੈਂਗਸਟਰ ਮਨਪ੍ਰੀਤ ਮੰਨਾ ਨੂੰ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਗਿਆ ਤੇ ਹਵਾਈ ਫਾਇਰ ਕਰਨ ਵਾਲੇ ਜਸਵਿੰਦਰ ਉਰਫ ਘੋੜਾ ਸਮੇਤ ਹਥਿਆਰ ਸਪਲਾਈ ਕਰਨ ਵਾਲੇ ਅੰਗਰੇਜ਼ ਉਰਫ ਲਾਡੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐਸਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਲਦੀ ਹੀ ਗੈਂਗਸਟਰ ਤਰਨਜੋਤ ਖੰਨਾ ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ।