ਚੰਡੀਗੜ੍ਹ: ਬਹੁਕਰੋੜੀ ਨਸ਼ਾ ਤਸਕਰੀ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕਰਨ ਵਾਲੇ ਈਡੀ ਅਫ਼ਸਰ ਨਿਰੰਜਨ ਸਿੰਘ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਇਸ ਕੇਸ ਦੇ ਵਕੀਲ ਅਨੁਪਮ ਗੁਪਤਾ ਨੇ ਹਾਈਕੋਰਟ ਨੂੰ ਕਿਹਾ ਕਿ ਨਿਰੰਜਨ ਸਿੰਘ ਨੂੰ ਮੁਅੱਤਲ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ।

ਅਨੁਪਮ ਗੁਪਤਾ ਨੇ ਕਿਹਾ ਦਿੱਲੀ ਵਿਚਲੇ ਈਡੀ ਦੇ ਸੀਨੀਅਰ ਅਫਸਰ ਨਿਰੰਜਨ ਸਿੰਘ ਨੂੰ ਡਰਾ-ਧਮਕਾ ਰਹੇ ਹਨ। ਅਨੁਪਮ ਗੁਪਤਾ ਨੇ ਕਿਹਾ ਕਿ ਨਿਰੰਜਨ ਸਿੰਘ ਨੇ ਪੰਜਾਬ ਦੇ ਸਾਬਕਾ ਮੰਤਰੀ ਖਿਲਾਫ ਜਾਂਚ ਕੀਤੀ ਸੀ। ਇਸ ਕਰਕੇ ਉਨ੍ਹਾਂ ਨੂੰ ਇਸ ਕੇਸ ਵਿੱਚੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਯਾਦ ਰਹੇ ਪਹਿਲਾਂ ਵੀ ਈਡੀ ਅਫਸਰ ਨਿਰੰਜਨ ਸਿੰਘ ਨੂੰ ਇਸ ਕੇਸ ਵਿੱਚੋਂ ਹਟਾ ਕੇ ਤਬਾਦਲਾ ਕਰ ਦਿੱਤਾ ਗਿਆ ਸੀ। ਹਾਈਕੋਰਟ ਦੇ ਦਖਲ ਕਰਕੇ ਨਿਰੰਜਨ ਸਿੰਘ ਦਾ ਤਬਾਦਲਾ ਰੁਕ ਗਿਆ ਸੀ। ਨਿਰੰਜਨ ਸਿੰਘ ਨੇ ਬਹੁਕਰੋੜੀ ਨਸ਼ਾ ਤਸਕਰੀ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਸੀ।