ਰੇਲ ਉਡਾਉਣ ਦੀ ਧਮਕੀ ਮਗਰੋਂ ਸੁਰੱਖਿਆ ਏਜੰਸੀਆਂ ਚੌਕਸ
ਏਬੀਪੀ ਸਾਂਝਾ | 24 Nov 2016 01:48 PM (IST)
ਫਿਰੋਜ਼ਪੁਰ: ਅੱਤਵਾਦੀ ਸੰਗਠਨ ਵੱਲੋਂ ਸਮਝੌਤਾ ਐਕਸਪ੍ਰੈਸ ਨੂੰ ਉਡਾਉਣ ਦੀ ਧਮਕੀ ਮਿਲਣ ਮਗਰੋਂ ਹਲਚਲ ਮੱਚ ਗਈ। ਧਮਕੀ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਪੁਲਿਸ ਸਖਤ ਸੁਰੱਖਿਆ ਪ੍ਰਬੰਧਾਂ ਵਿੱਚ ਜੁੱਟ ਗਈ। ਅੱਤਵਾਦੀ ਸੰਗਠਨਾਂ ਵੱਲੋਂ ਭਾਰਤ-ਪਾਕਿ ਦਰਮਿਆਨ ਦੋ ਦਿਨ ਚੱਲਦੀ ਸਮਝੌਤਾ ਐਕਸਪ੍ਰੈਸ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਸੂਚਨਾ ਮਿਲਦਿਆਂ ਹੀ ਰੇਲਵੇ ਵਿੱਚ ਹਲਚਲ ਪੈਦਾ ਹੋ ਗਈ। ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦਿਆਂ ਰੇਲਵੇ ਵੱਲੋਂ ਜਿੱਥੇ ਸੂਬਾ ਸਰਕਾਰ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ, ਉੱਥੇ ਖੁਫੀਆ ਏਜੰਸੀਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਧਮਕੀ ਦੀ ਸੂਚਨਾ ਮਿਲਣ ਦੀ ਪੁਸ਼ਟੀ ਕਰਦਿਆਂ ਡੀ.ਆਰ.ਐਮ. ਅਨੁਜ ਪ੍ਰਕਾਸ਼ ਨੇ ਸਪੱਸ਼ਟ ਕੀਤਾ ਕਿ ਸਮਝੌਤਾ ਐਕਸਪ੍ਰੈਸ ਦੀ ਰੱਖਿਆ ਲਈ ਆਰ.ਪੀ.ਐਫ. ਸਮੇਤ ਪੰਜਾਬ ਪੁਲਿਸ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਹੋਈਆਂ ਹਨ। ਰੇਲ ਵਿੱਚ ਸਫਰ ਕਰਨ ਵਾਲੇ ਹਰੇਕ ਯਾਤਰੀ ਦੀ ਚੈਕਿੰਗ ਸ਼ੁਰੂ ਕੀਤੀ ਜਾ ਰਹੀ ਹੈ।