ਵਿੱਕੀ ਗੌਂਡਰ ਦੇ ਸਾਥੀ ਪੁਲਿਸ ਅੜਿੱਕੇ
ਏਬੀਪੀ ਸਾਂਝਾ | 31 Jan 2018 11:54 AM (IST)
ਲੁਧਿਆਣਾ: ਗੈਂਗਸਟਰ ਵਿੱਕੀ ਗੌਂਡਰ ਦੀ ਮੌਤ ਦਾ ਬਦਲਾ ਲੈਣ ਦੀ ਧਮਕੀ ਦੇਣ ਵਾਲੇ ਤਿੰਨ ਨੌਜਵਾਨ ਪੁਲਿਸ ਅੜਿੱਕੇ ਆ ਗਏ ਹਨ। ਜਗਰਾਓਂ ਪੁਲਿਸ ਨੇ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਗੋਪੀ ਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੇ ਸੋਸ਼ਲ ਮੀਡੀਆ ਉੱਪਰ ਪੋਸਟ ਪਾ ਕੇ ਧਮਕੀ ਦਿੱਤੀ ਸੀ ਕਿ ਗੈਂਗਸਟਰ ਵਿੱਕੀ ਗੌਂਡਰ ਦੀ ਮੌਤ ਦਾ ਪੁਲਿਸ ਤੋਂ ਬਦਲਾ ਲਿਆ ਜਾਵੇਗਾ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਤੋਂ ਛੇ ਪਿਸਤੌਲ, ਅੱਧਾ ਕਿਲੋ ਹੈਰੋਇਨ ਤੇ ਇੱਕ ਇਨੋਵਾ ਗੱਡੀ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤਾ ਗਿਆ ਗੁਰਪ੍ਰੀਤ ਸਿੰਘ ਜ਼ੀਰਾ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਕਾਰਜਪਾਲ ਸਿੰਘ ਵਾਸੀ ਬਟਾਲਾ ਤੇ ਗੁਰਜੀਤ ਸਿੰਘ ਵਾਸੀ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਇਹ ਧਮਕੀ ਦਿੱਤੀ ਸੀ- ਕਾਬਲੇਗੌਰ ਹੈ ਕਿ ਵਿੱਕੀ ਗੌਂਡਰ ਸਰਾਵਾਂ ਬੋਦਲਾ ਨਾਂ ਤੋਂ ਬਣੀ ਫੇਸਬੁੱਕ ਪ੍ਰੋਫਾਈਲ 'ਤੇ ਗੈਂਗਸਟਰ ਦਾ ਐਨਕਾਊਂਟਰ ਕਰਨ ਵਾਲੇ ਇੰਸਪੈਕਟਰ ਵਿਕਰਮ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਸੋਸ਼ਲ ਮੀਡੀਆ ‘ਤੇ ਦਿੱਤੀ ਇਸ ਧਮਕੀ ਵਿੱਚ ਵਿਕਰਮ ਬਰਾੜ ਤੇ ਉਸ ਦੇ ਪਿਤਾ ਨੂੰ ਸਿੱਖ ਮੁੰਡਿਆਂ ਦਾ ਕਾਤਲ ਦੱਸਿਆ ਸੀ। ਧਮਕੀ ਵਿੱਚ ਲਿਖਿਆ ਗਿਆ ਸੀ ਕਿ ਵਿਕਰਮ ਨੇ ਗੌਂਡਰ ਨਾਲ ਯਾਰੀ ਲਾ ਕੇ ਗੱਦਾਰੀ ਕੀਤੀ ਹੈ ਤੇ ਛੇਤੀ ਹੀ ਉਸ ਨੂੰ ਉਨ੍ਹਾਂ ਕੋਲ ਭੇਜ ਦਿੱਤਾ ਜਾਵੇਗਾ। ਵਿਕਰਮ ਬਰਾੜ ਤੇ ਉਸ ਦੇ ਪਿਤਾ ਅਰਵਿੰਦਰ ਬਰਾੜ ਦੀ ਤਸਵੀਰ ਸਾਂਝੀ ਕਰਦਿਆਂ ਦੋਵਾਂ ਨੂੰ ਸਿੱਖ ਨੌਜਵਾਨਾਂ ਦਾ ਕਾਤਲ ਦੱਸਿਆ ਗਿਆ ਸੀ। ਵਿੱਕੀ ਗੌਂਡਰ ਤੇ ਉਸ ਦੇ ਦੋ ਸਾਥੀਆਂ ਨੂੰ ਪੁਲਿਸ ਨੇ ਬੀਤੇ ਸ਼ੁੱਕਰਵਾਰ ਨੂੰ ਰਾਜਸਥਾਨ ਵਿੱਚ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਸੀ।