ਸੁਲਤਾਨਪੁਰ ਲੋਧੀ: ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਲਈ ਸਰਕਾਰ ਦੀਆਂ ਤਿਆਰੀਆਂ ਕਰੀਬ-ਕਰੀਬ ਆਖਰੀ ਪੜਾਅ 'ਤੇ ਹਨ। ਸੰਗਤ ਲਈ ਸਰਕਾਰ ਨੇ ਤਿੰਨ ਟੈਂਟ ਸਿਟੀਆਂ ਬਣਾਈਆਂ ਹਨ ਜਿਨ੍ਹਾਂ 'ਚ ਇੱਕ ਵਾਰ 'ਚ ਕਰੀਬ 35 ਹਜ਼ਾਰ ਸੰਗਤ ਰਹਿ ਸਕਦੀ ਹੈ। ਇੱਕ ਨਵੰਬਰ ਤੋਂ ਇੱਥੇ ਸੰਗਤ ਰਹਿਣੀ ਸ਼ੁਰੂ ਹੋ ਜਾਵੇਗੀ। ਤਿੰਨੇ ਟੈਂਟ ਸਿਟੀਆਂ 'ਚ ਤਿੰਨ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ। ਕਮਰੇ ਐਪ ਰਾਹੀਂ ਬੁੱਕ ਹੋਣਗੇ ਅਤੇ ਵੱਡੇ ਤੰਬੂ ਮੌਕੇ 'ਤੇ ਹੀ ਬੁੱਕ ਕੀਤੇ ਜਾਣਗੇ।


ਤਿੰਨ ਟੈਂਟ ਸਿਟੀਆਂ 'ਚੋਂ ਪਹਿਲੀ ਟੈਂਟ ਸਿਟੀ ਗੁਰੂਦੁਆਰਾ ਬੇਰ ਸਾਹਿਬ ਦੇ ਬਿਲਕੁਲ ਨੇੜੇ ਹੈ। ਦੂਜੀ ਟੈਂਟ ਸਿਟੀ ਲੋਹੀਆਂ ਰੋਡ ਅਤੇ ਤੀਜੀ ਕਪੂਰਥਲਾ ਰੋਡ 'ਤੇ ਹੈ। ਤਿੰਨਾਂ ਦੀ ਵੱਖੋ-ਵੱਖਰੀ ਸਮੱਰਥਾ ਹੈ। ਇੱਕ ਨਵੰਬਰ ਤੋਂ ਇਨ੍ਹਾਂ ਤਿੰਨਾਂ 'ਚ ਸੰਗਤ ਰਹਿ ਸਕਦੀ ਹੈ। ਫਿਲਹਾਲ ਸਾਰਿਆਂ ਦੇ ਕੰਮ ਅਧੂਰੇ ਹਨ ਪਰ ਸਰਕਾਰ ਦਾ ਦਾਅਵਾ ਹੈ ਕਿ ਤਿੰਨੋ ਆਪਣੀ ਡੈਡ ਲਾਇਨ ਮੁਤਾਬਿਕ ਸ਼ੁਰੂ ਹੋ ਜਾਣਗੀਆਂ।

ਦੋ ਅਤੇ ਚਾਰ ਲੋਕਾਂ ਦੀ ਸਮੱਰਥਾ ਵਾਲੇ ਤੰਬੂਆਂ 'ਚ ਅਟੈਚ ਬਾਥਰੂਮ ਤੋਂ ਇਲਾਵਾ ਮੇਜ-ਕੁਰਸੀ ਅਤੇ ਸ਼ੀਸ਼ੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਕਪੂਰਥਲਾ ਰੋਡ 'ਤੇ ਬਣ ਰਹੀ ਤੀਜੀ ਟੈਂਟ ਸਿਟੀ ਦਾ ਵੀ ਕਾਫੀ ਕੰਮ ਅਧੂਰਾ ਹੀ ਹੈ। ਸੰਗਤਾਂ ਲਈ ਟੈਂਟ ਸਿਟੀ 'ਚ ਹਸਪਤਾਲ ਅਤੇ ਪਾਰਕਿੰਗ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਰਜਿਸਟ੍ਰੇਸ਼ਨ ਅਤੇ ਹੋਰ ਪੁੱਛਗਿਛ ਲਈ ਐਡਮਿਨ ਬਲਾਕ, ਜੋੜਾ ਘਰ, ਲੰਗਰ ਹਾਲ, ਰਸੋਈ, ਲੰਗਰ ਲਈ ਸਟੋਰ ਅਤੇ ਗਠੱੜੀ ਘਰ ਆਦਿ ਵੀ ਬਣਾਏ ਗਏ ਹਨ। ਸੱਭ ਤੋਂ ਵੱਡਾ ਮੈਡੀਕਲ ਬਲਾਕ ਟੈਂਟ ਸਿਟੀ ਨੰਬਰ ਤਿੰਨ ਵਿੱਚ ਬਣਾਇਆ ਗਿਆ ਹੈ। ਟੈਂਟ ਸਿਟੀ ਬਾਰੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਡੀਪੀਐਸ ਖਰਬੰਦਾ ਦਾ ਕਹਿਣਾ ਹੈ ਕਿ ਅਸੀਂ ਪੂਰੀ ਤਿਆਰੀ 'ਚ ਹਾਂ ਸੰਗਤ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਐਮਐਲਏ ਨਵਤੇਜ ਚੀਮਾ ਦਾ ਕਹਿਣਾ ਹੈ ਕਿ ਸਰਕਾਰ ਸੰਗਤ ਦੇ ਸੁਆਗਤ ਲਈ ਤਿਆਰ ਹੈ।



ਟੈਂਟ ਸਿਟੀ 'ਚ ਕੀ-ਕੀ ਹੈ ਖਾਸ

ਟੈਂਟ ਸਿਟੀ-1

ਗੁਰੂਦੁਆਰਾ ਬੇਰ ਸਾਹਿਬ

  • 60 ਜਣਿਆਂ ਦੀ ਸਮੱਰਥਾ ਵਾਲੇ 171 ਤੰਬੂ

  • 15 ਜਣਿਆਂ ਦੇ ਰਹਿਣ ਵਾਲੇ 300 ਤੰਬੂ

  • 4 ਜਣਿਆਂ ਵਾਲੇ 350 ਤੰਬੂ

  • ਦੋ ਜਣਿਆਂ ਵਾਲੇ 175 ਤੰਬੂ


ਟੈਂਟ ਸਿਟੀ-2

ਲੋਹੀਆਂ ਰੋਡ

  • 60 ਜਣਿਆਂ ਦੀ ਸਮੱਰਥਾ ਵਾਲੇ 62 ਤੰਬੂ

  • 15 ਜਣਿਆਂ ਦੇ ਰਹਿਣ ਵਾਲੇ 100 ਤੰਬੂ

  • 4 ਜਣਿਆਂ ਵਾਲੇ 138 ਤੰਬੂ

  • ਦੋ ਜਣਿਆਂ ਵਾਲੇ 88 ਤੰਬੂ


ਟੈਂਟ ਸਿਟੀ-3


ਕਪੂਰਥਲਾ ਰੋਡ

  • 60 ਜਣਿਆਂ ਦੀ ਸਮੱਰਥਾ ਵਾਲੇ 134 ਤੰਬੂ

  • 15 ਜਣਿਆਂ ਦੇ ਰਹਿਣ ਵਾਲੇ 200 ਤੰਬੂ

  • 4 ਜਣਿਆਂ ਵਾਲੇ 288 ਤੰਬੂ

  • ਦੋ ਜਣਿਆਂ ਵਾਲੇ 213 ਤੰਬੂ