ਕਾਦੀਆਂ: ਚਾਹੇ ਕਾਂਗਰਸ ਲਗਾਤਾਰ ਪਰਿਵਾਰਵਾਦ ਖਤਮ ਕਰਨ ਦਾ ਰਾਗ ਅਲਾਪ ਰਹੀ ਹੈ ਪਰ ਇਸ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਬੁੱਧਵਾਰ ਨੂੰ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਹੋਈ ਕਾਂਗਰਸ ਪਾਰਟੀ ਦੀ ਇੱਕ ਜਨ-ਸੰਪਰਕ ਰੈਲੀ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਹਿਜੰਗ ਬਾਜਵਾ ਨੇ ਆਪਣੇ ਆਪ ਨੂੰ 2017 ਚੋਣਾਂ ਵਿੱਚ ਕਾਦੀਆਂ ਤੋਂ ਉਮੀਦਵਾਰ ਐਲਾਨ ਦਿੱਤਾ ਹੈ।
ਇਸ ਰੈਲੀ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਚਰਨਜੀਤ ਕੌਰ ਬਾਜਵਾ ਸ਼ਾਮਲ ਨਹੀਂ ਹੋਈ ਸੀ ਜੋ ਕਾਦੀਆਂ ਤੋਂ ਮੌਜੂਦਾ ਵਿਧਾਇਕ ਹੈ। ਕਿਹਾ ਜਾ ਰਿਹਾ ਹੈ ਕਿ ਉਹ ਵਿਦੇਸ਼ ਵਿੱਚ ਹਨ, ਇਸ ਦੇ ਚੱਲਦੇ ਪ੍ਰੋਗਰਾਮ ਵਿੱਚੋਂ ਗੈਰ ਹਾਜ਼ਰ ਰਹੇ ਪਰ ਇਹ ਗੱਲ ਕਿਸੇ ਨੂੰ ਹਜ਼ਮ ਨਹੀਂ ਹੋ ਰਹੀ ਕਿ ਮੌਜੂਦਾ ਵਿਧਾਇਕ ਦੀ ਗੈਰ ਮੌਜੂਦਗੀ ਵਿੱਚ ਕਿਸੇ ਵੀ ਬੈਨਰ 'ਤੇ ਉਸ ਦੀ ਫੋਟੋ ਵੀ ਨਾ ਹੋਵੇ।
ਇਸ ਰੈਲੀ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਹਰੀਸ਼ ਚੌਧਰੀ ਨੇ ਪਾਰਟੀ ਦੀ ਗੁੱਟਬਾਜ਼ੀ ਦੇ ਸਾਰੇ ਰੰਗ ਦੇਖ ਲਏ ਪਰ ਉਨ੍ਹਾਂ ਤੋਂ ਜਦੋਂ ਮੀਡੀਆ ਨੇ ਪਰਿਵਾਰਵਾਦ ਦੀ ਗੱਲ ਪੁੱਛੀ ਤਾਂ ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਪਾਰਟੀ ਤੋਂ ਵੋਟ ਮੰਗਣ ਦਾ ਹੱਕ ਹੈ। ਕੈਪਟਨ ਤੇ ਕਿਸ਼ੌਰ ਵਿਚਕਾਰ ਚੱਲ ਰਹੀਆਂ ਤਕਰਾਰਾਂ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਇਹ ਸਭ ਕੁਝ ਮੀਡੀਆ ਦੀ ਹੀ ਉਪਜ ਹੈ।