ਚੰਡੀਗੜ੍ਹ: ਬੇਮੌਸਮੀ ਬਾਰਸ਼ ਤੋਂ ਬਾਅਦ ਹੁਣ ਟਿੱਡੀ ਦਲ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ। ਮੁੱਢਲੀਆਂ ਰਿਪੋਰਟਾਂ ਮੁਤਾਬਕ ਹਰਿਆਣਾ ਨਾਲ ਲੱਗਦੀ ਸਰਹੱਦ 'ਤੇ ਪੰਜਾਬ ਅੰਦਰ ਟਿੱਡੀ ਦਲ ਦਾ ਹਮਲਾ ਹੋਇਆ ਹੈ। ਪਾਕਿਸਤਾਨ ਵੱਲੋਂ ਆਏ ਟਿੱਡੀ ਦਲ ਨੇ ਪਹਿਲਾਂ ਰਾਜਸਥਾਨ ਤੇ ਗੁਜਰਾਤ ਵਿੱਚ ਤਬਾਹੀ ਮਚਾਈ ਹੈ। ਇਸ ਮਗਰੋਂ ਹਰਿਆਣਾ ਤੇ ਪੰਜਾਬ ਵੱਲ ਵਧਿਆ ਹੈ।
ਸੂਤਰਾਂ ਮੁਤਾਬਰ ਬਠਿੰਡਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਵਿੱਚ ਟਿੱਡੀ ਦਲ ਦੇ ਝੁੰਡ ਦੇਖੇ ਗਏ ਹਨ। ਇਸ ਮਗਰੋਂ ਕਿਸਾਨਾਂ ਦੇ ਨਾਲ-ਨਾਲ ਖੇਤੀਬਾੜੀ ਵਿਭਾਗ ਚੌਕਸ ਹੋ ਗਿਆ ਹੈ। ਕੁਝ ਕਿਸਾਨਾਂ ਨੇ ਦੱਸਿਆ ਕਿ ਸੰਗਤ ਬਲਾਕ ਦੇ ਪਿੰਡ ਸ਼ੇਖੂ ਵਿੱਚ ਟਿੱਡੀ ਦਲ ਦਾ ਝੁੰਡ ਵੇਖਿਆ ਗਿਆ। ਇਹ ਵੀ ਖ਼ਬਰ ਹੈ ਕਿ ਕਰੀਬ ਦਰਜਨ ਪਿੰਡਾਂ ਵਿੱਚ ਟਿੱਡੀ ਦਲ ਦੇਖਿਆ ਗਿਆ।
ਕਿਸਾਨਾਂ ਨੇ ਇਸ ਦੀ ਸੂਚਨਾ ਖੇਤੀਬਾੜੀ ਵਿਭਾਗ ਨੂੰ ਦਿੱਤੀ। ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ। ਮਹਿਕਮੇ ਦਾ ਕਹਿਣਾ ਹੈ ਕਿ ਪਿੰਡ ਬਾਂਡੀ, ਪੱਕਾ ਕਲਾਂ, ਫੁੱਲੋ ਮਿੱਠੀ, ਪਥਰਾਲਾ, ਰਾਏਕੇ ਕਲਾਂ ਵਿੱਚ ਟਿੱਡੀ ਦਲ ਦੀ ਸੂਚਨਾ ਮਿਲੀ ਹੈ। ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵੇਂ ਟਿੱਡੀ ਦਲ ਜ਼ਿਲ੍ਹੇ ਅੰਦਰ ਘੁਸਪੈਠ ਕਰ ਗਿਆ ਹੈ ਪਰ ਇਸ ਨੂੰ ਹਮਲਾ ਨਹੀਂ ਕਿਹਾ ਜਾ ਸਕਦਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸਲ ਵਿੱਚ ਟਿੱਡੀ ਦਲ ਲੱਖਾਂ ਦੀ ਗਿਣਤੀ ਵਿੱਚ ਇਕੱਠਾ ਹਮਲਾ ਕਰਦਾ ਹੈ, ਪਰ ਜ਼ਿਲ੍ਹੇ ਅੰਦਰ ਪੁੱਜੀਆਂ ਟਿੱਡੀਆਂ ਅਸਲ ਵਿੱਚ ਵੱਡੇ ਝੁੰਡ ਤੋਂ ਵਿਛੜ ਕੇ ਇੱਧਰ ਆਈਆਂ ਹਨ।
ਪਿੰਡਾਂ ਵਿੱਚ ਟਿੱਡੀ ਦਲ ਦੀ ਘੁਸਪੈਠ ਤੋਂ ਬਾਅਦ ਵਿਭਾਗ ਨੇ ਗੁਰਦੁਆਰਿਆਂ ਦੇ ਸਪੀਕਰਾਂ ਤੋਂ ਅਨਾਊਂਸਮੈਂਟ ਕਰਵਾ ਕੇ ਕਿਸਾਨਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਖੇਤੀਬਾੜੀ ਵਿਭਾਗ ਦੀਆਂ ਟੀਮਾਂ ਸਵੇਰ ਤੋਂ ਹੀ ਵੱਖ-ਵੱਖ ਪਿੰਡਾਂ ਵਿੱਚ ਪੁੱਜੀਆਂ ਹੋਈਆਂ ਹਨ। ਕਿਸਾਨਾਂ ਨੇ ਟਿੱਡੀ ਦਲ ਦੇ ਸੰਭਾਵਿਤ ਹਮਲੇ ਨਾਲ ਨਜਿੱਠਣ ਲਈ ਖਾਲੀ ਪੀਪਿਆਂ ਦਾ ਇੰਤਜਾਮ ਕਰ ਲਿਆ ਹੈ। ਇਸ ਤੋਂ ਇਲਾਵਾ ਟਿੱਡੀ ਦਲ ਨੂੰ ਉਡਾਉਣ ਲਈ ਕਿਸਾਨ ਕਈ ਤਰ੍ਹਾਂ ਦੇ ਇੰਤਜਾਮ ਕਰਨ ਵਿਚ ਲੱਗੇ ਹੋਏ ਹਨ।
ਖੇਤੀਬਾੜੀ ਵਿਭਾਗ ਨੇ ਟਿੱਡੀ ਦਲ ਦੇ ਸੰਭਾਵਿਤ ਹਮਲੇ ਦੇ ਮੱਦੇਨਜ਼ਰ ਡੀਲਰਾਂ ਨੂੰ ਕੀੜੇਮਾਰ ਦਵਾਈਆਂ ਦਾ ਸਟਾਕ ਰੱਖਣ ਦੀ ਹਦਾਇਤ ਦਿੱਤੀ ਹੈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਟਿੱਡੀ ਦਲ ਦਾ ਹਮਲਾ ਹੁੰਦਾ ਹੈ ਤਾਂ ਕੀੜੇਮਾਰ ਦਵਾਈ ਕਲੋਰੋਪੈਰੀਫਾਸ ਤੇ ਕਰਾਟੇ ਦਵਾਈ ਦੇ ਛਿੜਕਾਅ ਦਾ ਸੁਝਾਅ ਦਿੱਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਡੀਲਰਾਂ ਨੂੰ ਉਕਤ ਕੀੜੇਮਾਰ ਦਵਾਈਆਂ ਆਪਣੇ ਸਟਾਕ ਵਿਚ ਰੱਖਣ ਲਈ ਹਦਾਇਤ ਕੀਤੀ ਗਈ ਹੈ ਤਾਂ ਜੋ ਜੇਕਰ ਲੋੜ ਪੈਂਦੀ ਹੈ ਤਾਂ ਕੀੜੇਦਾਰ ਦਵਾਈ ਜਲਦੀ ਮਿਲ ਸਕੇ। ਉਨ੍ਹਾਂ ਦੱਸਿਆ ਕਿ ਟਿੱਡੀ ਦਲ ਦੇ ਬਠਿੰਡਾ ਜ਼ਿਲ੍ਹੇ ਅੰਦਰ ਦਾਖਲ ਹੋਣ ਸਬੰਧੀ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਟਿੱਡੀ ਦਲ ਦੇ ਹਮਲੇ ਲਈ ਖੇਤੀਬਾੜੀ ਵਿਭਾਗ ਨੇ ਪੂਰੇ ਪ੍ਰਬੰਧ ਕਰ ਲਏ ਹਨ।
ਟਿੱਡੀ ਦਲ ਦੇ ਹਮਲੇ ਮਗਰੋਂ ਕਿਸਾਨਾਂ 'ਚ ਦਹਿਸ਼ਤ, ਖੇਤੀ ਅਫਸਰ ਵੀ ਮੋਰਚੇ 'ਤੇ ਡਟੇ
ਏਬੀਪੀ ਸਾਂਝਾ
Updated at:
27 Jan 2020 03:21 PM (IST)
ਬੇਮੌਸਮੀ ਬਾਰਸ਼ ਤੋਂ ਬਾਅਦ ਹੁਣ ਟਿੱਡੀ ਦਲ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ। ਮੁੱਢਲੀਆਂ ਰਿਪੋਰਟਾਂ ਮੁਤਾਬਕ ਹਰਿਆਣਾ ਨਾਲ ਲੱਗਦੀ ਸਰਹੱਦ 'ਤੇ ਪੰਜਾਬ ਅੰਦਰ ਟਿੱਡੀ ਦਲ ਦਾ ਹਮਲਾ ਹੋਇਆ ਹੈ। ਪਾਕਿਸਤਾਨ ਵੱਲੋਂ ਆਏ ਟਿੱਡੀ ਦਲ ਨੇ ਪਹਿਲਾਂ ਰਾਜਸਥਾਨ ਤੇ ਗੁਜਰਾਤ ਵਿੱਚ ਤਬਾਹੀ ਮਚਾਈ ਹੈ। ਇਸ ਮਗਰੋਂ ਹਰਿਆਣਾ ਤੇ ਪੰਜਾਬ ਵੱਲ ਵਧਿਆ ਹੈ।
- - - - - - - - - Advertisement - - - - - - - - -