ਡੇਰਾ ਬਾਬਾ ਨਾਨਕ: 26 ਨਵੰਬਰ ਨੂੰ ਭਾਰਤ ਸਰਕਾਰ ਨੇ ਕਾਹਲੀ-ਕਾਹਲੀ ਵਿੱਚ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਕੌਰੀਡੋਰ ਦਾ ਨੀਂਹ ਪੱਥਰ ਇਸ ਲਈ ਰੱਖ ਦਿੱਤਾ ਕਿਉਂਕਿ ਪਾਕਿਸਤਾਨ ਨੇ ਐਲਾਨ ਕਰ ਦਿੱਤਾ ਸੀ ਕਿ 28 ਨਵੰਬਰ ਨੂੰ ਕਰਤਾਰਪੁਰ ਕੌਰੀਡੋਰ ਦਾ ਨੀਂਹ ਪੱਥਰ ਰੱਖਿਆ ਜਾਏਗਾ। ਅੱਜ ਇੱਕ ਮਹੀਨੇ ਬਾਅਦ ਜੇ ਦੇਖਿਆ ਜਾਵੇ ਤਾਂ ਜ਼ਮੀਨੀ ਹਕੀਕਤ ਇਹ ਹੈ ਕਿ ਭਾਰਤ ਸਰਕਾਰ ਹਾਲੇ ਤੱਕ ਵੀ ਸਰਵਿਆਂ ਵਿੱਚ ਹੀ ਉਲਝੀ ਪਈ ਹੈ ਤੇ ਸਿਰਫ਼ ਇੱਕ ਦੋ ਪਿੱਲਰ ਲਾ ਕੇ ਹੀ ਬੁੱਤਾ ਸਾਰਿਆ ਹੈ।
ਅਸਲ ਵਿੱਚ ਹਾਲੇ ਤੱਕ ਕੌਰੀਡੋਰ ਨੂੰ ਲੈ ਕੇ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ। ਭਾਰਤ ਸਰਕਾਰ ਦੇ ਮੰਤਰੀਆਂ ਵੱਲੋਂ ਉਸ ਵੇਲੇ ਦਾਅਵਾ ਕੀਤਾ ਗਿਆ ਸੀ ਕਿ ਸਾਢੇ ਚਾਰ ਮਹੀਨਿਆਂ ਵਿੱਚ ਇਹ ਕੌਰੀਡੋਰ ਭਾਰਤ ਵਾਲੇ ਪਾਸੇ ਮੁਕੰਮਲ ਹੋ ਜਾਵੇਗਾ। ਇਸ ਕੌਰੀਡੋਰ ਦੇ ਨੀਂਹ ਪੱਥਰ ਰੱਖੇ ਨੂੰ ਅੱਜ ਮਹੀਨਾ ਬੀਤਣ ਦੇ ਬਾਵਜੂਦ ਇੱਕ ਇੰਚ ਵੀ ਸੜਕ ਨਹੀਂ ਬਣੀ ਜਦਕਿ ਕਰਤਾਰਪੁਰ ਵਿੱਚ ਸਿਰਫ ਤੇ ਸਿਰਫ ਵੱਖ-ਵੱਖ ਵਿਭਾਗਾਂ ਵੱਲੋਂ ਸਰਵੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਰਾਹ ਦੇਖੇ ਜਾ ਰਹੇ ਹਨ ਕਿ ਕਿੰਨਾ ਰਸਤਿਆਂ ਰਾਹੀਂ ਸੜਕ ਬਣਾਈ ਜਾਵੇ।
'ਏਬੀਪੀ ਸਾਂਝਾ' ਨੂੰ ਮਿਲੀ ਜਾਣਕਾਰੀ ਮੁਤਾਬਕ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਜੋ ਸਰਵੇ ਕੀਤਾ ਸੀ, ਉਸ ਦਾ ਇੱਕ ਬਲੂ ਪ੍ਰਿੰਟ ਵੀ ਬਕਾਇਦਾ ਜਾਰੀ ਕੀਤਾ ਸੀ। ਉਸ ਮੁਤਾਬਕ ਭਾਰਤ ਸਰਕਾਰ ਵੱਲੋਂ ਇੱਕ ਰਸਤਾ ਲਗਪਗ ਤੈਅ ਕਰ ਲਿਆ ਹੈ ਪਰ ਉਸ ਰਸਤੇ ਉੱਪਰ ਹਾਲੇ ਤੱਕ ਕੰਮ ਸ਼ੁਰੂ ਨਹੀਂ ਹੋਇਆ। ਭਾਰਤ ਸਰਕਾਰ ਵੱਲੋਂ ਇਹ ਉੱਪਰ ਹੋ ਰਹੀ ਦੇਰੀ ਕਾਰਨ ਕੋਈ ਵੀ ਅਧਿਕਾਰੀ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ। ਸਿਰਫ਼ ਅਧਿਕਾਰੀ ਵੀ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਅਗਲੇ ਹੁਕਮ ਇਸ ਸਬੰਧੀ ਕੀ ਆਉਂਦੇ ਹਨ।
ਕੁਝ ਅਧਿਕਾਰੀਆਂ ਨੇ ਇਹ ਦਾਅਵਾ ਕੀਤਾ ਕਿ ਸੜਕ ਦਾ ਬਲਿਊ ਪ੍ਰਿੰਟ ਤਾਂ ਤਿਆਰ ਹੈ ਪਰ ਉਹ ਕੈਮਰੇ ਉੱਪਰ ਖੁੱਲ੍ਹ ਕੇ ਨਹੀਂ ਦੱਸ ਸਕਦੇ ਕਿਉਂਕਿ ਜੇਕਰ ਅਸੀਂ ਜਗ੍ਹਾ ਬਾਰੇ ਕਲੀਅਰ ਕਰ ਦਿੱਤਾ ਤਾਂ ਸਾਨੂੰ ਜਗ੍ਹਾ ਖਾਲੀ ਕਰਵਾਉਣ ਵਿੱਚ ਵੱਡੀ ਮੁਸ਼ਕਲ ਆਵੇਗੀ। ਦੂਜੇ ਪਾਸੇ ਡੇਰਾ ਬਾਬਾ ਨਾਨਕ ਨਗਰ ਕੌਂਸਲ ਦੇ ਪ੍ਰਧਾਨ ਪ੍ਰਨੀਤ ਸਿੰਘ ਨੇ ਦੱਸਿਆ ਕੇ ਸਰਕਾਰ ਵੱਲੋਂ ਮਾਨਾ ਪਿੰਡ ਤੋਂ ਜਗ੍ਹਾ ਲੈ ਲੈ ਕੇ ਇਸ ਨੂੰ ਤੈਅ ਕਰ ਲਿਆ ਗਿਆ ਹੈ ਜੋ ਸਿੱਧੀ ਕਰਤਾਰਪੁਰ ਕੌਰੀਡੋਰ ਨੂੰ ਜਾਣ ਵਾਲੀ ਸੜਕ ਤੱਕ ਜਾਵੇਗੀ। ਇਸ ਨੂੰ ਸਿੱਧਾ ਉਹ ਸੜਕ ਨਾਲ ਮਿਲਾ ਲਿਆ ਜਾਵੇਗਾ ਜੋ ਪਾਕਿਸਤਾਨ ਤੋਂ ਆਵੇਗੀ। ਭਾਰਤ ਨੇ ਬਕਾਇਦਾ ਇਸ ਸਬੰਧੀ ਜਗ੍ਹਾ ਤੈਅ ਕਰਕੇ ਉੱਥੇ ਪਿੱਲਰ ਵੀ ਗੱਢ ਦਿੱਤਾ ਹੈ।
ਦੂਜੇ ਪਾਸੇ ਕਰਤਾਰਪੁਰ ਲਾਂਘੇ ਦੇ ਕੰਮ ਵਿੱਚ ਦੇਰੀ ਕਰਨ 'ਤੇ ਲੋਕਾਂ ਨੇ ਸਰਕਾਰ ਨੂੰ ਖਰੀਆਂ-ਖਰੀਆਂ ਵੀ ਸੁਣਾਈਆਂ। ਇਸ ਲਈ ਸਰਕਾਰ ਨੂੰ ਬਾਕਾਇਦਾ ਜ਼ਿੰਮੇਵਾਰ ਵੀ ਦੱਸਿਆ ਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਕੌਰੀਡੋਰ ਨੂੰ ਤੁਰੰਤ ਬਣਾਇਆ ਜਾਵੇ ਕਿਉਂਕਿ ਪਾਕਿਸਤਾਨ ਵਾਲੇ ਪਾਸੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।