Weather Report: ਮੌਸਮ ਵਿਭਾਗ ਨੇ ਆਉਣ ਵਾਲੇ ਇੱਕ ਦੋ ਦਿਨ ਲਈ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਸੰਘਣੀ ਧੁੰਦ ਪਵੇਗੀ। ਇਸ ਦੇ ਨਾਲ ਹੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈਣ ਦੇ ਆਸਾਰ ਹਨ। ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਅਸਮਾਨੀ ਚੜ੍ਹੀ ਪ੍ਰਦੂਸ਼ਣ ਦੀ ਚਾਦਰ ਤੋਂ ਵੀ ਛੁਟਕਾਰਾ ਮਿਲਣ ਦੇ ਆਸਾਰ ਹਨ। 


ਦੱਸ ਦਈਏ ਕਿ ਕਈ ਦਿਨਾਂ ਤੋਂ ਧੂੰਏਂ ਦੀ ਸੰਘਣੀ ਪਰਤ ਨੇ ਸ਼ਹਿਰ ਨੂੰ ਘੇਰ ਰੱਖਿਆ ਹੈ। ਇਸ ਕਾਰਨ ਮਰੀਜ਼ਾਂ ਦੇ ਨਾਲ ਰਾਹਗੀਰਾਂ ਲਈ ਸਮੱਸਿਆ ਬਣੀ ਹੋਈ ਹੈ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਨੇ ਦੱਸਿਆ ਕਿ ਇਸ ਦੇ ਨਾਲ ਹੀ 1970 ਤੋਂ ਬਾਅਦ ਇਸ ਨਵੰਬਰ ਮਹੀਨੇ ਵਿੱਚ ਰਾਤ ਦਾ ਤਾਪਮਾਨ ਕਾਫ਼ੀ ਵੱਧ ਚੱਲ ਰਿਹਾ ਹੈ। ਪਿਛਲੇ ਦਿਨਾਂ ਵਿੱਚ ਤਾਪਮਾਨ 15 ਤੋਂ 18 ਡਿਗਰੀ ਤੱਕ ਰਹਿ ਰਿਹਾ ਹੈ ਜੋ ਆਮ ਨਾਲੋਂ ਸੱਤ ਡਿਗਰੀ ਤੱਕ ਵੱਧ ਹੈ।


ਗਿੱਲ ਨੇ ਦੱਸਿਆ ਕਿ ਜੇ ਹਲਕਾ ਮੀਂਹ ਪੈਂਦਾ ਹੈ ਤਾਂ ਉਸ ਨਾਲ ਹਵਾ ਵਿੱਚ ਨਮੀ ਵਧੇਗੀ ਜਿਸ ਨਾਲ ਸੰਘਣੀ ਧੁੰਦ ਪੈਣ ਦੇ ਆਸਾਰ ਹਨ। ਉਨ੍ਹਾਂ ਦੱਸਿਆ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਦੋ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਨ੍ਹਾਂ ਦੋ ਦਿਨਾਂ ਵਿੱਚ ਕਾਫ਼ੀ ਧੁੰਦ ਪੈਣੀ ਹੈ ਤਾਂ ਲੋਕ ਉਸ ਤਰੀਕੇ ਦੇ ਨਾਲ ਸਾਵਧਾਨੀ ਵਰਤਣ। ਲੋਕ ਖ਼ਾਸ ਕਰ ਕੇ ਯਾਤਰਾ ਕਰਨ ਸਮੇਂ ਧੁੰਦ ਦਾ ਖ਼ਿਆਫ਼ ਰੱਖ ਕੇ ਸਫ਼ਰ ਕਰਨ। ਉਨ੍ਹਾਂ ਨੇ ਦੱਸਿਆ ਕਿ ਯੈਲੋ ਅਲਰਟ ਦਾ ਮਤਲਬ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਮੀਂਹ ਪੈਣ ਨਾਲ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ।



ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ 1970 ਤੋਂ ਹੁਣ ਤੱਕ ਮੌਸਮ ਨੇ ਰਾਤ ਦੇ ਸਮੇਂ ਦਾ ਤਾਪਮਾਨ ਵੱਧ ਹੋਣ ਦਾ ਰਿਕਾਰਡ ਤੋੜਿਆ ਹੈ। ਉਨ੍ਹਾਂ ਦੱਸਿਆ ਕਿ ਨਵੰਬਰ ਮਹੀਨੇ ਵਿੱਚ ਆਮ ਵੇਖਣ ਨੂੰ ਮਿਲਦਾ ਸੀ ਕਿ ਰਾਤ ਦਾ ਤਾਪਮਾਨ 12 ਡਿਗਰੀ ਜਾਂ ਇਸ ਤੋਂ ਘੱਟ ਰਹਿੰਦਾ ਸੀ। ਪਰ ਇਸ ਸਾਲ ਇਹ ਤਾਪਮਾਨ 15 ਤੋਂ 18 ਡਿਗਰੀ ਤੱਕ ਰਹਿ ਰਿਹਾ ਹੈ, ਜੋ ਆਮ ਨਾਲੋਂ ਸੱਤ ਡਿਗਰੀ ਤੱਕ ਜ਼ਿਆਦਾ ਹੈ। ਇਸ ਕਰ ਕੇ ਰਾਤਾਂ ਹਾਲੇ ਵੀ ਗਰਮ ਹੀ ਹਨ।