ਫ਼ਰੀਦਕੋਟ: ਟਰਾਂਸਪੋਰਟ ਮਹਿਕਮੇ ਨੇ ਅਕਾਲੀ ਲੀਡਰ ਖਿਲਾਫ ਸ਼ਿਕੰਜ਼ਾ ਕੱਸਿਆ ਹੈ। ਫ਼ਰੀਦਕੋਟ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਨੇ ਅਕਾਲੀ ਟਰਾਂਸਪੋਰਟਰ ਨੂੰ ਪੱਤਰ ਜਾਰੀ ਕਰਕੇ ਟੈਕਸ ਦੇ ਬਕਾਇਆ 98 ਲੱਖ ਰੁਪਏ ਪੰਜ ਦਿਨਾਂ ਵਿੱਚ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਹੈ। ਰਿਜਨਲ ਟਰਾਂਸਪੋਰਟ ਅਥਾਰਟੀ ਨੇ ਆਪਣੇ ਪੱਤਰ ਨੰਬਰ 353 ਰਾਹੀਂ ਕੁਲੈਕਟਰ ਫਰੀਦਕੋਟ ਨੂੰ ਬੇਨਤੀ ਕੀਤੀ ਹੈ ਕਿ ਅਕਾਲੀ ਲੀਡਰ ਤੋਂ 98 ਲੱਖ 39 ਹਜ਼ਾਰ ਰੁਪਏ ਉਗਰਾਹਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।


ਇਹ ਪੱਤਰ ਮਿਲਣ ਤੋਂ ਬਾਅਦ ਤਹਿਸੀਲਦਾਰ ਫਰੀਦਕੋਟ ਨੇ ਪੱਤਰ ਨੰਬਰ 595 ਮਿਤੀ 03.01.2020 ਜਾਰੀ ਕਰਕੇ ਮੈਸ: ਬੇਨਜ਼ੀਰ ਟਰਾਂਸਪੋਰਟ ਕੰਪਨੀ ਫ਼ਰੀਦਕੋਟ ਨੂੰ ਹਦਾਇਤ ਕੀਤੀ ਹੈ ਕਿ 98 ਲੱਖ ਰੁਪਏ 39 ਹਜ਼ਾਰ ਰੁਪਏ ਪੰਜ ਦਿਨਾਂ ਦੇ ਅੰਦਰ ਵਿਭਾਗ ਨੂੰ ਜਮ੍ਹਾਂ ਕਰਵਾਏ ਜਾਣ। ਇਹ ਟਰਾਂਸਪੋਰਟ ਕੰਪਨੀ ਅਕਾਲੀ ਲੀਡਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਪਰਿਵਾਰ ਨਾਲ ਸਬੰਧਤ ਹੈ।

ਹਾਸਲ ਜਾਣਕਾਰੀ ਮੁਤਾਬਕ ਬੇਨਜ਼ੀਰ ਟਰਾਂਸਪੋਰਟ ਹੁਣ ਬੰਦ ਹੋ ਚੁੱਕੀ ਹੈ। ਇਸ ਦਾ ਟਰਾਂਸਪੋਰਟ ਵਿਭਾਗ ਵੱਲ ਕਰੀਬ 98 ਲੱਖ ਰੁਪਏ ਟੈਕਸ, ਵਿਆਜ ਤੇ ਜੁਰਮਾਨਾ ਬਕਾਇਆ ਪਿਆ ਹੈ। ਇਸ ਨੂੰ ਵਸੂਲਣ ਲਈ ਟਰਾਂਸਪੋਰਟ ਵਿਭਾਗ ਪਿਛਲੇ 10 ਸਾਲ ਤੋਂ ਕਾਨੂੰਨੀ ਕਾਰਵਾਈ ਵਿੱਚ ਲੱਗਾ ਹੋਇਆ ਹੈ।

ਉਧਰ, ਅਕਾਲੀ ਲੀਡਰ ਬੰਟੀ ਰੋਮਾਣਾ ਨੇ ਕਿਹਾ ਕਿ ਉਨ੍ਹਾਂ ਟਰਾਂਸਪੋਰਟ ਵਿਭਾਗ ਦਾ ਕੋਈ ਬਕਾਇਆ ਨਹੀਂ ਦੇਣਾ ਤੇ ਪ੍ਰਸ਼ਾਸਨ ਨੇ ਸਿਆਸੀ ਸਲਾਹਕਾਰ ਦੇ ਦਬਾਅ ਹੇਠ ਪੱਤਰ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਇੱਕ ਦਿਨ ਪਹਿਲਾਂ ਕੁਸ਼ਲਦੀਪ ਢਿੱਲੋਂ ਦੇ ਗੈਂਗਸਟਰ ਨਿਸ਼ਾਨ ਸਿੰਘ ਨਾਲ ਸਬੰਧਾਂ ਦਾ ਖੁਲਾਸਾ ਕੀਤਾ ਸੀ ਤੇ ਇਸੇ ਰੰਜਿਸ਼ ਤਹਿਤ ਉਨ੍ਹਾਂ ਦੇ ਪਰਿਵਾਰ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਬੰਟੀ ਰੋਮਾਣਾ ਨੇ ਕਿਹਾ ਕਿ ਉਨ੍ਹਾਂ ਦੀ ਟਰਾਂਸਪੋਰਟ ਕੰਪਨੀ ਪਿਛਲੇ 15 ਸਾਲ ਤੋਂ ਬੰਦ ਪਈ ਹੈ। ਰਿਜਨਲ ਟਰਾਂਸਪੋਰਟ ਅਥਾਰਟੀ ਫਰੀਦਕੋਟ ਦੇ ਸਕੱਤਰ ਹਰਦੀਪ ਸਿੰਘ ਨੇ 98 ਲੱਖ ਦੇ ਬਕਾਏ ਦਾ ਪੱਤਰ ਜਾਰੀ ਹੋਣ ਦੀ ਪੁਸ਼ਟੀ ਕੀਤੀ ਹੈ।