ਚੰਡੀਗੜ੍ਹ: ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਮੰਨਣ ਵਾਲੇ ਬਿਆਨ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਗਰਮਾ ਗਈ ਹੈ। ਕੈਪਟਨ ਨੂੰ ਬਣਦੀ 'ਤਵੱਜੋ' ਨਾ ਦੇਣ ਤੋਂ ਔਖੇ ਹੋਏ ਉਨ੍ਹਾਂ ਦੇ ਸਾਥੀ ਮੰਤਰੀ ਹੀ ਹੁਣ ਉਨ੍ਹਾਂ ਦੇ ਪਾਕਿਸਤਾਨ ਦੌਰੇ 'ਤੇ ਸਵਾਲ ਚੁੱਕ ਰਹੇ ਹਨ। ਮੰਤਰੀ ਤਾਂ ਸਿੱਧੂ ਨੂੰ ਆਪਣਾ ਅਹੁਦਾ ਛੱਡਣ ਲਈ ਵੀ ਕਹਿ ਰਹੇ ਹਨ।


ਹਾਲਾਂਕਿ, ਨਵਜੋਤ ਸਿੱਧੂ ਨੇ ਟਵੀਟ ਕਰਕੇ ਆਪਣੀ ਸਫ਼ਾਈ ਵੀ ਪੇਸ਼ ਕੀਤੀ ਹੈ ਕਿ ਉਨ੍ਹਾਂ ਦੀ ਪੂਰੀ ਗੱਲ ਨਹੀਂ ਦਿਖਾਈ ਗਈ। ਪਰ ਕੈਪਟਨ ਦੀ ਥਾਂ ਰਾਹੁਲ ਨੂੰ ਮੁੱਖ ਲੀਡਰ ਸਮਝਣ 'ਤੇ ਪ੍ਰਤਾਪ ਸਿੰਘ ਬਾਜਵਾ ਅਤੇ ਸਾਧੂ ਸਿੰਘ ਧਰਮਸੋਤ ਜਿਹੇ ਮੰਤਰੀ ਸਿੱਧੂ ਨਾਲ ਤੜਿੰਗ ਹੋ ਗਏ ਹਨ। ਜਿੱਥੇ ਧਰਮਸੋਤ ਨੇ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਜਾਣ ਦੇ ਉਨ੍ਹਾਂ ਦੇ ਫੈਸਲੇ ਦੀ ਨਜ਼ਰਸਾਨੀ ਕਰਨ ਦੀ ਗੱਲ ਨੂੰ ਅਣਗੌਲਿਆ ਕਰ ਕੇ ਬੁਰਾ ਵਤੀਰਾ ਕਰਨ ਦਾ ਦੋਸ਼ ਲਾਇਆ, ਉੱਥੇ ਬਾਜਵਾ ਦਾ ਕਹਿਣਾ ਹੈ ਕਿ ਸਿੱਧੂ ਪਾਕਿਸਤਾਨ ਦੇ ਚੁੰਗਲ ਵਿੱਚ ਫਸ ਗਏ ਹਨ ਤੇ ਉਹ ਜਿਵੇਂ ਕਹਿ ਰਹੇ ਹਨ ਤੇ ਸਿੱਧੂ ਉਵੇਂ ਹੀ ਕਰ ਰਹੇ ਹਨ।

ਇਹ ਵੀ ਪੜ੍ਹੋ: ਰਾਹੁਲ ਦੇ ਕਹੇ ’ਤੇ ਪਾਕਿ ਗਏ ਸੀ ਸਿੱਧੂ, ਅਮਰਿੰਦਰ ਨੂੰ ‘ਕੈਪਟਨ’ ਮੰਨਣੋਂ ਨਾਂਹ

ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਸਿੱਧੂ ਨੂੰ ਹੁਣ ਮੰਤਰੀ ਦੇ ਅਹੁਦੇ 'ਤੇ ਨਹੀਂ ਬਣੇ ਰਹਿਣਾ ਚਾਹੀਦਾ। ਉਨ੍ਹਾਂ 'ਏਬੀਪੀ ਸਾਂਝਾ' ਨਾਲ ਖ਼ਾਸ ਗੱਲਬਾਤ ਦੌਰਾਨ ਕਿਹਾ ਕਿ ਬੇਸ਼ੱਕ ਰਾਹੁਲ ਗਾਂਧੀ ਸਾਡੇ ਸਾਰਿਆਂ ਦੇ ਕੈਪਟਨ ਹਨ, ਪਰ ਪੰਜਾਬ ਦੇ ਕੈਪਟਨ ਤਾਂ ਕੈਪਟਨ ਅਮਰਿੰਦਰ ਸਿੰਘ ਹੀ ਹਨ। ਬਾਜਵਾ ਨੇ ਕਿਹਾ ਕਿ ਜੇਕਰ ਸਿੱਧੂ ਉਨ੍ਹਾਂ ਨੂੰ ਆਪਣਾ ਲੀਡਰ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਨੈਤਿਕਤਾ ਦੇ ਆਧਾਰ 'ਤੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜਿਵੇਂ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਹੇਠ ਚੱਲਣ ਤੋਂ ਇਨਕਾਰ ਹੀ ਕਰ ਦਿੱਤਾ ਹੈ ਤਾਂ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਇਤਰਾਜ਼ ਜਤਾਇਆ ਕਿ ਜਿਸ ਹਿਸਾਬ ਨਾਲ ਸਿੱਧੂ ਨੇ ਇਸ਼ਾਰੇ ਕਰ ਕੇ ਬਿਆਨ ਦਿੱਤਾ ਉਹ ਲਹਿਜ਼ਾ ਕੈਪਟਨ ਅਮਰਿੰਦਰ ਸਿੰਘ ਦਾ ਅਪਮਾਨ ਕਰਨ ਵਾਲਾ ਸੀ।