ਟ੍ਰਿੱਪਲ ਮਡਰ ਕੇਸ: ਸੰਜੇ ਅਰੋੜਾ ਦੀ ਇਲਾਜ ਦੌਰਾਨ ਮੌਤ
ਏਬੀਪੀ ਸਾਂਝਾ | 25 Jan 2020 02:53 PM (IST)
ਮਨੀਮਾਜਰਾ 'ਚ ਆਪਣੀ ਪਤਨੀ, ਬੇਟੀ ਅਤੇ ਬੇਟੇ ਦੇ ਕਤਲ ਕਰਨ ਤੋਂ ਬਾਅਦ ਇਲਾਜ ਦੌਰਾਨ ਮੁਲਜ਼ਮ ਸੰਜੇ ਅਰੋੜਾ ਦੀ ਵੀ ਮੌਤ ਹੋ ਗਈ ਹੈ।
ਸੰਕੇਤਕ ਤਸਵੀਰ
ਚੰਡੀਗੜ੍ਹ: ਮਨੀਮਾਜਰਾ 'ਚ ਆਪਣੀ ਪਤਨੀ, ਬੇਟੀ ਅਤੇ ਬੇਟੇ ਦੇ ਕਤਲ ਕਰਨ ਤੋਂ ਬਾਅਦ ਇਲਾਜ ਦੌਰਾਨ ਮੁਲਜ਼ਮ ਸੰਜੇ ਅਰੋੜਾ ਦੀ ਵੀ ਮੌਤ ਹੋ ਗਈ ਹੈ। ਮਕਾਨ ਨੰਬਰ 5012 'ਚ ਬੁੱਧਵਾਰ ਨੂੰ ਮਾਡਰਨ ਕੰਪਲੈਕਸ ਵਿੱਚ ਮਾਂ, ਉਸ ਦੀ ਧੀ ਅਤੇ ਬੇਟੇ ਦੀ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਪੰਚਕੁਲਾ ਸੈਕਟਰ -9 ਮਾਰਕੀਟ ਦੇ ਸ਼੍ਰੀਕ੍ਰਿਸ਼ਨਾ ਸਵੀਟਸ ਦੇ ਮਾਲਕ ਸੰਜੇ ਅਰੋੜਾ ਨੇ ਬੁੱਧਵਾਰ ਰਾਤ ਟ੍ਰੇਨ ਅੱਗੇ ਆ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਇਸ 'ਚ ਉਹ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਸੀ। ਪੁਲਿਸ ਨੇ ਅਜੇ ਇਹ ਐਲਾਨ ਨਹੀਂ ਕੀਤੀ ਕਿ ਸੰਜੇ ਅਰੋੜਾ ਖੁਦ ਇਸ ਕਤਲ 'ਚ ਸ਼ਾਮਲ ਸੀ। ਪੁਲਿਸ ਨੂੰ ਸ਼ੱਕ ਹੈ ਕਿ ਸੰਜੇ ਤੋਂ ਇਲਾਵਾ ਕੋਈ ਹੋਰ ਵੀ ਉਸ ਪਰਿਵਾਰ ਦੇ ਮਡਰ 'ਚ ਸ਼ਾਮਲ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸੰਜੇ ਅਰੋੜਾ 'ਤੇ 8 ਕਰੋੜ ਦਾ ਕਰਜ਼ਾ ਸੀ। ਹਾਲਾਂਕਿ, ਅਸਲ 'ਚ ਉਸ ਕੋਲ 70 ਕਰੋੜ ਤੋਂ ਵੱਧ ਦੀ ਜਾਇਦਾਦ ਸੀ। ਇਸ ਲਈ ਬਹੁਤ ਸਾਰੇ ਸਵਾਲ ਵੀ ਪੈਦਾ ਹੋ ਰਹੇ ਹਨ। ਜਿਸ ਟ੍ਰੇਨ ਅੱਗੇ ਸੰਜੇ ਨੇ ਛਾਲ ਮਾਰੀ ਸੀ ਉਸਦੇ ਗਾਰਡ ਨੇ ਪੁਲਿਸ ਨੂੰ ਬਿਆਨ ਦਿੱਤੇ ਹਨ ਕਿ ਉਸਨੇ ਸਿਰਫ ਇੱਕ ਹੀ ਵਿਅਕਤੀ ਨੂੰ ਟ੍ਰੇਨ ਦੇ ਅੱਗੇ ਛਾਲ ਮਾਰਦੇ ਦੇਖਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਗੱਡੀ ਨੂੰ ਰੋਕਿਆ। ਉਧਰ ਪੁਲਿਸ ਦਾ ਮੰਨਣਾ ਹੈ ਕਿ ਸੰਜੇ ਅਰੋੜਾ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਾਰਨ ਤੋਂ ਬਾਅਦ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਸੰਜੇ ਦੀ ਜੇਬ ਚੋਂ ਪੁਲਿਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪਰ, ਉਸ ਦੀ ਜੇਬ ਵਿਚੋਂ ਹਰਿਆਣਾ ਦੇ ਮੰਤਰੀ ਅਨਿਲ ਵਿੱਜ ਦੇ ਨਾਂ ਲਿਖਿਆ ਇੱਕ ਪੱਤਰ ਮਿਲਿਆ ਹੈ। ਆਪਣੀ ਮੌਤ ਤੋਂ ਪਹਿਲਾਂ ਲਿੱਖੇ ਇਸ ਪੱਤਰ 'ਚ ਸੰਜੇ ਨੇ ਲਿਖਿਆ ਸੀ ਕਿ "ਅਨਿਲ ਵਿਜ ਜੀ, ਤੁਹਾਨੂੰ ਦੱਸ ਦੇਈਏ ਕਿ ਤੁਹਾਡੀ ਪੁਲਿਸ ਕੁਝ ਨਹੀਂ ਕਰਦੀ। ਮੈਨੂੰ ਕੋਈ ਇਨਸਾਫ ਨਹੀਂ ਦਿੱਤਾ। ਬਸ ਚੱਕਰ ਕੱਟਦਾ ਰਿਹਾ। ਮੈਂ ਆਪਣੇ ਪੈਰਾਂ ਨਾਲ ਪੰਚਕੁਲਾ ਈਓਡਬਲਯੂ ਵਿੰਗ ਦੇ 100 ਚੱਕਰ ਲਾਏ, ਪਰ ਕੁਝ ਨਹੀਂ ਹੋਇਆ। ਇੰਚਾਰਜ ਦਿਲੀਪ ਹੋਰਾਂ ਦਾ ਸਮਰਥਨ ਕਰਦਾ ਰਿਹਾ ਬਸ। ਪੰਚਕੂਲਾ ਸੈਕਟਰ -9 ਦੀ ਮਾਰਕੀਟ ਵਾਲੇ ਹਰਸ਼ ਬਾਹਰੀ, ਵਿਨੋਦ ਬਾਹਰੀ, ਪ੍ਰਾਪਰਟੀ ਡੀਲਰ ਮਨੋਜ ਬਾਂਸਲ, ਹਨੀ ਗੁਪਤਾ ਨੇ ਮੇਰੇ ਨਾਲ ਧੋਖਾਧੜੀ ਕੀਤੀ। ਪੈਸੇ ਹੜਪੇ, ਪਰ ਕਿਸੇ ਨੇ ਮੇਰੀ ਨਹੀਂ ਸੁਣੀ। ਮੈਂ ਇਸ ਨਾਲ ਕਰਜ਼ਾਈ ਹੋ ਗਿਆ ਹਾਂ। ਮੇਰੇ ਮਰਨ ਤੋਂ ਬਾਅਦ ਮੇਰੇ ਪਰਿਵਾਰ ਨੂੰ ਪਰੇਸ਼ਾਨ ਨਾ ਕਰਨਾ।"