ਨਵੀਂ ਦਿੱਲੀ/ਮੁੰਬਈ: ਖੁਦ ਨੂੰ ਦੇਵੀ ਦੱਸਣ ਵਾਲੀ ਰਾਧੇ ਮਾਂ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ। ਜੋ ਸ਼ਖ਼ਸ ਕਦੇ ਰਾਧੇ ਮਾਂ ਦਾ ਭਗਤ ਸੀ ਤੇ ਜਿਸ ਦੇ ਘਰ ਵਿੱਚ ਰਾਧੇ ਮਾਂ ਆਪਣਾ ਦਰਬਾਰ ਲਾਉਂਦੀ ਸੀ, ਉਸ ਨੇ ਹੀ ਰਾਧੇ ਮਾਂ ਬਾਰੇ ਵੱਡਾ ਖੁਲਾਸਾ ਕੀਤਾ ਹੈ।
ਮੁੰਬਈ ਦੇ ਮਸ਼ਹੂਰ ਮਿਠਾਈ ਕਾਰੋਬਾਰੀ ਮਨਮੋਹਨ ਗੁਪਤਾ ਨੇ ਖੁਲਾਸਾ ਕੀਤਾ ਹੈ ਕਿ ਰਾਧੇ ਮਾਂ ਢੋਂਗੀ ਹੈ। ਰਾਧੇ ਮਾਂ ਵਿੱਚ ਕੋਈ ਸ਼ਕਤੀ ਨਹੀਂ, ਸਗੋਂ ਉਹ ਜਾਦੂ-ਟੂਣਾ ਕਰਕੇ ਵਸ਼ੀਕਰਨ ਕਰਨ ਵਾਲੀ ਮਹਿਲਾ ਹੈ। ਜਿਸ ਮਨਮੋਹਨ ਗੁਪਤਾ ਦੇ ਘਰ ਵਿੱਚ ਰਾਧੇ ਮਾਂ ਚੌਂਕੀ ਕਰਦੀ ਸੀ, ਉਹ ਹੀ ਮਨਮੋਹਨ ਗੁਪਤਾ ਕਹਿ ਰਹੇ ਹਨ ਕਿ ਚੌਂਕੀ ਵਿੱਚ ਲੋਕਾਂ ਨੂੰ ਠੱਗਣ ਦਾ ਧੰਦਾ ਚੱਲਦਾ ਹੈ ਜਿਸ ਨਾਲ ਰਾਧੇ ਮਾਂ ਲੱਖਾਂ ਰੁਪਏ ਕਮਾਉਂਦੀ ਹੈ। ਉਸ ਮੁਤਾਬਕ, ਫੋਨ ਕਰਕੇ, ਮੈਸੇਜ਼ ਕਰਕੇ ਤੇ ਲੋਕਾਂ ਨੂੰ ਪੈਸੇ ਦੇ ਕੇ ਬੁਲਾਇਆ ਜਾਂਦਾ ਹੈ। ਭੀੜ ਇਕੱਠੀ ਕੀਤੀ ਜਾਂਦੀ ਹੈ। ਜ਼ਿਆਦਾ ਭੀੜ ਦੇਖ ਕੇ ਹੋਰ ਵੀ ਲੋਕ ਆਉਂਦੇ ਹਨ।
ਰਾਧੇ ਮਾਂ ਦੀ ਹਰ ਚੌਂਕੀ ਦਾ ਰੇਟ ਤੈਅ ਹੁੰਦਾ ਹੈ। ਵੱਡੇ -ਵੱਡੇ ਸਿਤਾਰਿਆਂ ਨੂੰ ਪੈਸੇ ਦੇ ਕੇ ਬੁਲਾਇਆ ਜਾਂਦਾ ਹੈ। ਮਨਮੋਹਨ ਗੁਪਤਾ ਮੁਤਾਬਕ, ਵੱਡੇ-ਵੱਡੇ ਸਿਤਾਰੇ, ਲੀਡਰਾਂ ਨੂੰ ਚੌਂਕੀ ਵਿੱਚ ਬੁਲਾ ਕੇ ਰਾਧੇ ਮਾਂ ਅਜਿਹੀ ਤਸਵੀਰ ਤਿਆਰ ਕਰਦੀ ਹੈ ਕਿ ਉਸ ਦੇ ਵੱਡੇ-ਵੱਡੇ ਭਗਤ ਹਨ। ਇਨ੍ਹਾਂ ਸਿਤਾਰਿਆਂ ਨੂੰ ਵੇਖ ਕੇ ਰਾਧੇ ਮਾਂ ਦੀ ਚੌਂਕੀ ਵਿੱਚ ਆਉਣ ਵਾਲੇ ਭਗਤ ਇਸ ਜਾਲ ਵਿੱਚ ਫਸ ਜਾਂਦੇ ਹਨ।
ਮਨਮੋਹਨ ਗੁਪਤਾ ਮੁਤਾਬਕ, ਚੌਂਕੀ ਦੇ ਨਾਲ-ਨਾਲ ਰਾਧੇ ਮਾਂ ਆਪਣੇ ਖ਼ਾਸ ਭਗਤਾਂ ਦੇ ਲਈ ਬੰਦ ਕਮਰੇ ਵਿੱਚ ਫ਼ਿਲਮੀ ਗਾਣਿਆਂ 'ਤੇ ਡਾਂਸ ਵੀ ਕਰਦੀ ਹੈ। ਇਸ ਨੂੰ ਲੀਲਾ ਕਹਿੰਦੇ ਹਨ। ਮਨਮੋਹਨ ਗੁਪਤਾ ਦਾ ਇਲਜ਼ਾਮ ਹੈ ਕਿ ਲੀਲਾ ਵਿੱਚ ਚੱਲਣ ਵਾਲੇ ਅਸ਼ਲੀਲ ਡਾਂਸ ਦੌਰਾਨ ਰਾਧੇ ਮਾਂ ਆਪਣੇ ਭਗਤਾਂ ਦੀ ਤਸਵੀਰ ਜਾਂ ਵੀਡੀਓ ਬਣਾ ਕੇ ਬਲੈਕਮੇਲ ਕਰਦੀ ਹੈ ਜਿਸ ਨਾਲ ਉਹ ਵਿਅਕਤੀ ਰਾਧੇ ਮਾਂ ਦੇ ਕਬਜ਼ੇ ਵਿੱਚ ਆ ਜਾਂਦਾ ਹੈ।