ਬਰਨਾਲਾ: ਰੋਪੜ ਯਾਨੀ ਰੂਪਨਗਰ ਦੇ ਮਸ਼ਹੂਰ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਗੈਂਗ ਦੇ ਦੋ ਮੈਂਬਰਾਂ ਨੂੰ ਚੋਰੀ ਕੀਤੀ ਹੌਂਡਾ ਸਿਟੀ ਕਾਰ ਤੇ ਇੱਕ ਪਿਸਟਲ ਤੇ ਕੁਝ ਰੌਂਦਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਲੁੱਟ ਖੋਹ ਕਰਨ ਦੇ ਹੈਰਾਨੀਜਨਕ ਤਰੀਕੇ ਦਾ ਪਰਦਾਫਾਸ਼ ਵੀ ਕੀਤਾ ਹੈ। ਬਰਨਾਲਾ ਪੁਲਿਸ ਦੇ ਸੀ.ਆਈ.ਏ. ਸਟਾਫ ਨੇ ਰੋਪੜ ਦੇ ਬਾਬਾ ਗੈਂਗ ਦੇ ਦੋ ਮੈਂਬਰ ਗੁਰਦੀਪ ਸਿੰਘ ਮਾਨਾ ਤੇ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲ੍ਹਾ ਪੁਲਿਸ ਕਪਤਾਨ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਇਨ੍ਹਾਂ ਬਦਮਾਸ਼ਾਂ ਕੋਲੋਂ ਇੱਕ 32 ਬੋਰ ਦਾ ਪਿਸਤੌਲ ਦੇ ਨਾਲ-ਨਾਲ 3 ਕਾਰਤੂਸ ਤੇ ਦੋ ਰੌਂਦ 12 ਬੋਰ ਦੀ ਰਾਈਫਲ ਦੇ ਬਰਾਮਦ ਹੋਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਬਦਮਾਸ਼ ਸੜਕ 'ਤੇ ਜਾਂਦੀ ਕਾਰ ਦੇ ਪਿੱਛੇ ਟੱਕਰ ਮਾਰ ਦਿੰਦੇ ਸਨ ਤੇ ਕਾਰ ਦੇ ਰੁਕਣ 'ਤੇ ਹਥਿਆਰ ਦੀ ਨੋਕ 'ਤੇ ਉਸ ਕੋਲੋਂ ਸਭ ਕੁਝ ਲੁੱਟ ਲੈਂਦੇ ਸਨ। ਪੁਲਿਸ ਇਨ੍ਹਾਂ ਤੋਂ ਗੈਂਗ ਦੇ ਬਾਕੀ ਮੈਂਬਰਾਂ ਬਾਰੇ ਵੀ ਪੜਤਾਲ ਕਰ ਰਹੀ ਹੈ।