ਜਲੰਧਰ: ਸਿਆਲ਼ਾਂ ਦੇ ਮੌਸਮ ਨੇ ਆਪਣਾ ਰੰਗ ਫੜਨਾ ਸ਼ੁਰੂ ਕਰ ਦਿੱਤਾ ਹੈ ਅਤੇ ਦਿਨੋ ਦਿਨ ਠੰਢ ਵਧ ਰਹੀ ਹੈ। ਇਸ ਠੰਢ ਤੋਂ ਬਚਣ ਲਈ ਗ਼ਰੀਬ ਲੋਕ ਅਕਸਰ ਅੰਗੀਠੀ ਦਾ ਸਹਾਰਾ ਲੈਂਦੇ ਹਨ। ਪਰ ਅੰਗੀਠੀ ਦੀ ਵਰਤੋਂ ਬੰਦ ਕਮਰੇ ਵਿੱਚ ਕਰਨੀ 2 ਮਜ਼ਦੂਰਾਂ ਨੂੰ ਬਹੁਤ ਮਹਿੰਗੀ ਪੈ ਗਈ ਜਦੋਂ ਇੱਥੇ ਜਲੰਧਰ ਬਾਈਪਾਸ ਨੇੜੇ ਬਣ ਰਹੀ ਇੱਕ ਇਮਾਰਤ ਵਿੱਚ ਕੰਮ ਕਰਦੇ ਦੋ ਮਜ਼ਦੂਰਾਂ ਦੀ ਕਮਰੇ ਵਿੱਚ ਰੱਖੀ ਅੰਗੀਠੀ ਦਾ ਜ਼ਹਿਰੀਲੀ ਧੂੰਆਂ ਚੜ੍ਹਨ ਨਾਲ ਮੌਤ ਹੋ ਗਈ। ਪੁਲੀਸ ਨੂੰ ਇਸ ਘਟਨਾ ਦੀ ਸੂਚਨਾ ਸਵੇਰੇ ਕੰਮ ’ਤੇ ਆਏ ਮਜ਼ਦੂਰਾਂ ਨੇ ਦਿੱਤੀ। ਦੋਵੇਂ ਮਜ਼ਦੂਰ ਉੱਤਰ ਪ੍ਰਦੇਸ਼ ਤੋਂ ਸਨ। ਥਾਣਾ ਸਲੇਮ ਟਾਬਰੀ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਫ਼ਿਰੋਜ਼ ਅਤੇ ਇਸ਼ਾਂਤ ਵਜੋਂ ਹੋਈ ਹੈ। ਇਹ ਦੋਵੇਂ ਨੌਜਵਾਨ ਦਿਨ ਵੇਲੇ ਇਮਾਰਤ ਵਿੱਚ ਮਜ਼ਦੂਰੀ ਕਰਦੇ ਸਨ ਅਤੇ ਰਾਤ ਨੂੰ ਉੱਥੇ ਹੀ ਕਮਰੇ ਵਿੱਚ ਸੌਂ ਜਾਂਦੇ ਸਨ। ਬੀਤੀ ਰਾਤ ਇਨ੍ਹਾਂ ਨੇ ਸੌਣ ਤੋਂ ਪਹਿਲਾਂ ਠੰਢ ਤੋਂ ਬਚਣ ਲਈ ਆਪਣੇ ਕਮਰੇ ਵਿੱਚ ਅੰਗੀਠੀ ਰੱਖੀ ਹੋਈ ਸੀ। ਸਾਰੀ ਰਾਤ ਬਲੀ ਅੰਗੀਠੀ ਕਾਰਨ ਕਮਰੇ ਵਿੱਚ ਆਕਸੀਜਨ ਦੀ ਮਾਤਰਾ ਘਟ ਗਈ ਅਤੇ ਧੂੰਏਂ ਕਾਰਨ ਜ਼ਹਿਰੀਲੀ ਗੈਸ ਦੀ ਮਾਤਰਾ ਵਧਣ ਕਰਕੇ ਦੋਹਾਂ ਦੀ ਸੁੱਤੇ ਪਿਆਂ ਦੀ ਮੌਤ ਹੋ ਗਈ। ਘਟਨਾ ਦਾ ਪਤਾ ਅੱਜ ਸਵੇਰੇ ਕੰਮ ’ਤੇ ਆਏ ਸਾਥੀ ਮਜ਼ਦੂਰਾਂ ਨੂੰ ਲੱਗਿਆ। ਮਜ਼ਦੂਰਾਂ ਦੇ ਦੱਸਣ ਅਨੁਸਾਰ ਜਦੋਂ ਉਹ ਸਵੇਰੇ ਆਏ ਤਾਂ ਅੰਦਰ ਕਾਫੀ ਧੂੰਆਂ ਸੀ। ਉਨ੍ਹਾਂ ਨੇ ਦਰਵਾਜ਼ੇ ਆਦਿ ਖੋਲ੍ਹੇ ਤਾਂ ਅੰਦਰ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਜਾਣਗੀਆਂ।