ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੀ ਚੋਣ ’ਚ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਸੋਈ) ਬੁਰੀ ਤਰ੍ਹਾਂ ਹਾਰ ਗਈ ਹੈ। ਪਿਛਲੇ ਸਾਲ ਸੋਈ ਨੇ ਜਿੱਤ ਦੇ ਝੰਡੇ ਗੱਡੇ ਸਨ ਪਰ ਇਸ ਵਾਰ ਤੀਜੇ ਸਥਾਨ 'ਤੇ ਖਿਸਕ ਗਈ।


 

 

ਕਾਬਲੇਗੌਰ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸੋਈ ਨੂੰ ਮਜ਼ਬੂਤ ਕਰਨ ਲਈ ਖੁਦ ਵੀ ਕਈ ਯੂਨੀਵਰਸਿਟੀ ਪੁੱਜੇ ਸਨ। ਸੋਈ ਦੀ ਇਹ ਹਾਰ ਅਕਾਲੀ ਦਲ ਲਈ ਫਿਕਰ ਵਾਲੀ ਗੱਲ ਹੈ ਕਿਉਂਕਿ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਨੌਜਵਾਨ ਅਕਾਲੀ ਦਲ ਤੋਂ ਦੂਰ ਜਾ ਰਹੇ ਹਨ।

 

 

ਸੁਖਬੀਰ ਬਾਦਲ ਨੌਜਵਾਨਾਂ ਨੂੰ ਖਿੱਚਣ ਲਈ ਪਿਛਲੇ ਸਮੇਂ ਤੋਂ ਕਾਫੀ ਸਰਗਰਮ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਨੌਜਵਾਨਾਂ ਦਾ ਜ਼ਿਆਦਾ ਝੁਕਾਅ ਆਮ ਆਦਮੀ ਪਾਰਟੀ ਵੱਲ ਹੈ। ਇਸ ਲਈ ਸੁਖਬੀਰ ਬਾਦਲ ਐਲਾਨ ਕੀਤਾ ਸੀ ਕਿ ਇਸ ਵਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਸੀਟਾਂ ਦਿੱਤੀਆਂ ਜਾਣਗੀਆਂ। ਇਸ ਲਈ ਯੂਨੀਵਰਸਿਟੀ ਚੋਣਾਂ ਵਿੱਚ ਹਾਰ ਅਕਾਲੀ ਦਲ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

 

 

ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੀ ਚੋਣ ’ਚ ਪੰਜ ਸਾਲਾਂ ਬਾਅਦ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਪੁਸੂ) ਨੇ ਵਾਪਸੀ ਕੀਤੀ ਹੈ। ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਤੋਂ ਬਾਗ਼ੀ ਸਟੂਡੈਂਟਸ ਫਰੰਟ ਨਾਲ ਰਲ ਕੇ ਪੁਸੂ ਨੇ ਚਾਰੇ ਅਹੁਦਿਆਂ ’ਤੇ ਜਿੱਤ ਪ੍ਰਾਪਤ ਕੀਤੀ ਹੈ।