USA News: ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ 104 ਭਾਰਤੀ ਬੁੱਧਵਾਰ (5 ਫਰਵਰੀ) ਨੂੰ ਘਰ ਵਾਪਸ ਪਰਤੇ। ਬੁੱਧਵਾਰ ਨੂੰ ਅਮਰੀਕੀ ਫੌਜੀ ਜਹਾਜ਼ US C17 ਪੰਜਾਬ ਦੇ ਅੰਮ੍ਰਿਤਸਰ ਵਿੱਚ ਉਤਰਿਆ। ਜਹਾਜ਼ ਨੇ ਅੰਮ੍ਰਿਤਸਰ ਹਵਾਈ ਅੱਡਾ ਅਥਾਰਟੀ ਤੋਂ ਉਤਰਨ ਦੀ ਇਜਾਜ਼ਤ ਮੰਗੀ, ਜਿਸ ਤੋਂ ਬਾਅਦ ਇਸ ਨੂੰ ਉਤਰਨ ਦੀ ਇਜਾਜ਼ਤ ਦੇ ਦਿੱਤੀ ਗਈ। ਇਸ ਦੌਰਾਨ ਅਮਰੀਕਾ ਤੋਂ ਵਾਪਸ ਆਏ ਲੋਕਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਏਜੰਟਾਂ ਨੇ ਅਮਰੀਕਾ ਭੇਜਿਆ। ਇਸ ਤੋਂ ਇਲਾਵਾ ਅਮਰੀਕਾ ਪਹੁੰਚਣ ਵਿੱਚ ਉਨ੍ਹਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਪੰਜਾਬ ਦੇ ਨੌਜਵਾਨ ਨੇ ਦੱਸੀ ਆਪਣੀ ਕਹਾਣੀ
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਹਲੀ ਪਿੰਡ ਦੇ ਵਸਨੀਕ ਹਰਵਿੰਦਰ ਸਿੰਘ ਨੇ ਅਮਰੀਕਾ ਦੇ ਵਰਕ ਵੀਜ਼ਾ ਦੇ ਵਾਅਦੇ ਲਈ ਇੱਕ ਏਜੰਟ ਨੂੰ 42 ਲੱਖ ਰੁਪਏ ਦਿੱਤੇ ਸੀ। ਹਾਲਾਂਕਿ, ਆਖਰੀ ਸਮੇਂ 'ਤੇ, ਉਸ ਨੂੰ ਦੱਸਿਆ ਗਿਆ ਕਿ ਵੀਜ਼ਾ ਨਹੀਂ ਦਿੱਤਾ ਜਾ ਸਕਦਾ ਤੇ ਇਸ ਦੀ ਬਜਾਏ, ਉਸ ਨੂੰ ਕਈ ਉਡਾਣਾਂ ਰਾਹੀਂ ਭੇਜਿਆ ਜਾਵੇਗਾ।
ਬ੍ਰਾਜ਼ੀਲ ਵਿੱਚ ਪਹਾੜਾਂ 'ਤੇ ਚੜ੍ਹਨ ਤੋਂ ਬਾਅਦਹਰਵਿੰਦਰ ਸਿੰਘ ਤੇ ਹੋਰ ਪ੍ਰਵਾਸੀਆਂ ਨੂੰ ਇੱਕ ਛੋਟੀ ਕਿਸ਼ਤੀ 'ਤੇ ਸਮੁੰਦਰ ਪਾਰ ਮੈਕਸੀਕਨ ਸਰਹੱਦ ਤੱਕ ਚਾਰ ਘੰਟੇ ਦੀ ਯਾਤਰਾ ਲਈ ਰਵਾਨਾ ਕੀਤਾ ਗਿਆ। ਯਾਤਰਾ ਦੌਰਾਨ ਕਿਸ਼ਤੀ ਪਲਟ ਗਈ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪਨਾਮਾ ਦੇ ਜੰਗਲ ਵਿੱਚ ਇੱਕ ਹੋਰ ਆਦਮੀ ਦੀ ਮੌਤ ਹੋ ਗਈ। ਆਪਣੀ ਸਾਰੀ ਔਖੀ ਘੜੀ ਦੌਰਾਨ ਉਹ ਚੌਲਾਂ ਦੇ ਛੋਟੇ-ਛੋਟੇ ਟੁਕੜਿਆਂ 'ਤੇ ਜਿਉਂਦਾ ਰਿਹਾ।
'ਪੇਰੂ ਤੋਂ ਉਡਾਣ ਨਹੀਂ ਮਿਲੀ'
ਹਰਵਿੰਦਰ ਸਿੰਘ ਨੇ ਦੱਸਿਆ, "ਬ੍ਰਾਜ਼ੀਲ ਵਿੱਚ ਮੈਨੂੰ ਦੱਸਿਆ ਗਿਆ ਕਿ ਮੈਨੂੰ ਪੇਰੂ ਤੋਂ ਇੱਕ ਉਡਾਣ 'ਤੇ ਬਿਠਾਇਆ ਜਾਵੇਗਾ, ਪਰ ਅਜਿਹੀ ਕੋਈ ਉਡਾਣ ਨਹੀਂ ਸੀ। ਫਿਰ ਟੈਕਸੀਆਂ ਸਾਨੂੰ ਕੋਲੰਬੀਆ ਤੇ ਫਿਰ ਪਨਾਮਾ ਦੀ ਸ਼ੁਰੂਆਤ ਤੱਕ ਲੈ ਗਈਆਂ। ਉੱਥੋਂ ਮੈਨੂੰ ਦੱਸਿਆ ਗਿਆ ਕਿ ਇੱਕ ਜਹਾਜ਼ ਸਾਨੂੰ ਲੈ ਜਾਵੇਗਾ, ਪਰ ਉੱਥੇ ਵੀ ਕੋਈ ਜਹਾਜ਼ ਨਹੀਂ ਸੀ। ਇੱਥੋਂ ਸਾਡਾ ਡੌਂਕੀ ਰੂਟ ਸ਼ੁਰੂ ਹੋਇਆ, ਜੋ ਦੋ ਦਿਨ ਚੱਲਿਆ।"
'ਅਸੀਂ ਬਹੁਤ ਸਾਰੀਆਂ ਲਾਸ਼ਾਂ ਦੇਖੀਆਂ'
ਦਾਰਾਪੁਰ ਪਿੰਡ ਦੇ ਸੁਖਪਾਲ ਸਿੰਘ ਨੂੰ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਰਦੇ ਸਮੇਂ ਇੱਕ ਭਿਆਨਕ ਅਨੁਭਵ ਹੋਇਆ। ਸਮੁੰਦਰ ਰਾਹੀਂ 15 ਘੰਟੇ ਸਫ਼ਰ ਕਰਨਾ ਪਿਆ ਤੇ ਖ਼ਤਰਨਾਕ ਪਹਾੜੀਆਂ ਵਿੱਚੋਂ 40-45 ਕਿਲੋਮੀਟਰ ਪੈਦਲ ਚੱਲਣਾ ਪਿਆ। ਇਸ ਦੌਰਾਨ ਜੋ ਜ਼ਖਮੀ ਹੋਏ, ਉਹ ਪਿੱਛੇ ਰਹਿ ਗਏ। ਉਸ ਨੇ ਦੱਸਿਆ ਕਿ ਸਫਰ ਦੌਰਾਨ ਅਸੀਂ ਬਹੁਤ ਸਾਰੀਆਂ ਲਾਸ਼ਾਂ ਦੇਖੀਆਂ।
ਉਸ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਠੀਕ ਪਹਿਲਾਂ ਮੈਕਸੀਕੋ ਵਿੱਚ ਫੜ ਲਿਆ ਗਿਆ। ਉਸ ਨੇ ਕਿਹਾ, "ਸਾਨੂੰ 14 ਦਿਨਾਂ ਲਈ ਇੱਕ ਹਨੇਰੀ ਕੋਠੜੀ ਵਿੱਚ ਬੰਦ ਰੱਖਿਆ ਗਿਆ। ਕਦੇ ਵੀ ਦਿਨ ਦੀ ਰੌਸ਼ਨੀ ਨਹੀਂ ਦੇਖੀ। ਹੋਰ ਵੀ ਬਹੁਤ ਸਾਰੇ ਪੰਜਾਬੀ, ਪਰਿਵਾਰ ਤੇ ਬੱਚੇ ਹਨ ਜੋ ਇਸੇ ਤਰ੍ਹਾਂ ਦੇ ਹਾਲਾਤਾਂ ਵਿੱਚ ਹਨ। ਉਸ ਨੇ ਦੂਜਿਆਂ ਨੂੰ ਵਿਦੇਸ਼ਾਂ ਵਿੱਚ ਗੈਰ-ਕਾਨੂੰਨੀ ਰਸਤੇ ਨਾ ਜਾਣ ਦੀ ਸਲਾਹ ਦਿੱਤੀ।