ਵਲਟੋਹਾ ਦੀ ਦਾੜ੍ਹ ਹੇਠ ਆਇਆ ਸਾਬਕਾ ਡੀ.ਜੀ.ਪੀ.
ਏਬੀਪੀ ਸਾਂਝਾ | 08 Jan 2018 07:32 PM (IST)
ਅੰਮ੍ਰਿਤਸਰ: ਮਾਣਹਾਨੀ ਦੇ ਮਾਮਲੇ ਵਿੱਚ ਸਾਬਕਾ ਡੀ.ਜੀ.ਪੀ. ਵੱਲੋਂ ਮੁਆਫੀ ਮੰਗਣ ਤੋਂ ਬਾਅਦ ਅਕਾਲੀ ਆਗੂ ਨੇ ਉਨ੍ਹਾਂ ਵਿਰੁੱਧ ਕੇਸ ਵਾਪਸ ਲੈ ਲਿਆ ਹੈ। ਵਿਰਸਾ ਸਿੰਘ ਵਲਟੋਹਾ ਤੇ ਸਾਬਕਾ ਡੀ.ਜੀ.ਪੀ. ਸ਼ਸ਼ਕੀਕਾਂਤ ਦੇ ਨੁਮਾਇੰਦਿਆਂ ਨੇ ਅੱਜ ਪੱਟੀ ਦੀ ਅਦਾਲਤ ਵਿੱਚ ਰਾਜੀਨਾਮਾ ਕਰ ਲਿਆ। ਦੋਵੇਂ ਧਿਰਾਂ ਨੇ ਸਿਵਲ ਜੱਜ ਅਮਨਦੀਪ ਸਿੰਘ ਘੁੰਮਣ ਦੀ ਅਦਾਲਤ ਵਿੱਚ ਸਮਝੌਤੇ ਉੱਪਰ ਦਸਤਖ਼ਤ ਕੀਤੇ। ਸ਼ਸ਼ੀ ਕਾਂਤ ਵੱਲੋਂ ਪਹਿਲਾਂ ਹੀ ਅਦਾਲਤ ਵਿੱਚ ਇਸ ਬਾਬਤ ਹਲਫੀਆ ਬਿਆਨ ਦਰਜ ਸੀ। ਇਸ ਤੋਂ ਬਾਅਦ ਅੱਜ ਅਦਾਲਤ ਨੇ ਵਲਟੋਹਾ ਦੀ ਸਹਿਮਤੀ ਉਪਰੰਤ ਕੇਸ ਖਾਰਜ ਕਰ ਦਿੱਤਾ। 3 ਸਾਲ ਪਹਿਲਾਂ, 22 ਅਪਰੈਲ, 2014 ਨੂੰ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਤਤਕਾਲੀ ਵਿਧਾਇਕ ਤੇ ਹੋਰ ਅਕਾਲੀ ਨੇਤਾਵਾਂ 'ਤੇ ਨਸ਼ਾ ਤਸਕਰੀ ਦੇ ਇਲਜ਼ਾਮ ਲਾਏ ਸਨ। ਇਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਸਾਬਕਾ ਡੀ.ਜੀ.ਪੀ. 'ਤੇ ਮਾਣਹਾਨੀ ਦਾ ਮੁਕੱਦਮਾ ਦਰਜ ਕਰ ਦਿੱਤਾ ਸੀ। ਅੱਜ ਸਾਬਕਾ ਡੀ.ਜੀ.ਪੀ. ਦੇ ਵਕੀਲ ਡੀ.ਕੇ. ਅਰੋੜਾ ਤੇ ਵਲਟੋਹਾ ਦੇ ਵਕੀਲ ਕੰਵਲਜੀਤ ਸਿੰਘ ਬਾਠ ਨੇ ਜੱਜ ਕੋਲ ਕੇਸ ਖ਼ਤਮ ਕਰਨ ਦੀ ਸਹਿਮਤੀ ਦਾ ਪ੍ਰਗਟਾਵਾ ਕੀਤਾ।