ਚੰਡੀਗੜ੍ਹ: ਲੁਧਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਲਾਉਣ ਮਗਰੋਂ ਸਿਆਸਤ ਭਖ ਗਈ ਹੈ। ਅੱਜ ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਨੇ ਅੱਜ ਅਕਾਲੀ ਲੀਡਰ ਗੁਰਦੀਪ ਗੋਸ਼ਾ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਇਸ ਤੋਂ ਪਹਿਲਾਂ ਅਕਾਲੀ ਦਲ ਨੇ ਧਰਨਾ ਦੇ ਕੇ ਰੋਸ ਪ੍ਰਗਟ ਕੀਤਾ। ਧਰਨੇ 'ਚ ਬਿਕਰਮ ਮਜੀਠੀਆ ਸਮੇਤ ਕਈ ਲੀਡਰ ਮੌਜੂਦ ਹਨ।

ਯਾਦ ਰਹੇ ਮੰਗਲਵਾਰ ਨੂੰ ਯੂਥ ਅਕਾਲੀ ਦਲ ਦੇ ਸੀਨੀਅਰ ਲੀਡਰ ਗੁਰਦੀਪ ਗੋਸ਼ਾ ਤੇ ਮੀਤਪਾਲ ਦੁੱਗਰੀ ਨੇ ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲੇ-ਲਾਲ ਰੰਗ ਵਿੱਚ ਰੰਗਣ ਤੋਂ ਬਾਅਦ ਕਿਹਾ ਸੀ ਕਿ ਰਾਜੀਵ ਗਾਂਧੀ ਹੀ 1984 'ਚ ਸਿੱਖਾਂ ਦੇ ਕਤਲਾਂ ਦਾ ਮਾਸਟਰਮਾਈਂਡ ਸੀ। ਦੋਵਾਂ ਲੀਡਰਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਤੇ ਨਾ ਹੀ ਕਾਂਗਰਸ ਦੇ ਸੱਤਾ ਵਿੱਚ ਹੋਣ ਦੇ ਬਾਵਜੂਦ ਕਾਨੂੰਨ ਤੋਂ ਡਰਦੇ ਹਨ। ਪੁਲਿਸ ਨੇ ਗੁਰਦੀਪ ਗੋਸ਼ਾ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਮੀਤਪਾਲ ਦੁੱਗਰੀ ਫਰਾਰ ਹੈ।

ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੂੰ ਘਟੀਆ ਸਿਆਸਤ ਖੇਡਣੀ ਬੰਦ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਚਿਤਾਵਨੀ ਦਿੱਤੀ ਕਿ ਅਜਿਹੀਆਂ ਕਾਰਵਾਈਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਪੁੱਠੀਆਂ ਪੈਣਗੀਆਂ।

ਇਸ ਦਾ ਜਵਾਬ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਜੇਕਰ ਕੈਪਟਨ ਸੱਚੇ ਸਿੱਖ ਹਨ ਤਾਂ ਉਹ ਖੁਦ ਗਾਂਧੀ ਪਰਿਵਾਰ ਦੇ ਮੂੰਹ 'ਤੇ ਕਾਲਖ ਲਾਉਣ। ਉਨ੍ਹਾਂ ਕਿਹਾ ਕਿ ਗਾਂਧੀ ਪਾਰਿਵਾਰ ਨੇ ਸਿੱਖਾਂ ਉੱਪਰ ਬਹੁਤ ਅੱਤਿਆਚਾਰ ਕੀਤਾ ਹੈ। ਇਸ ਲਈ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਲਾਉਣਾ ਗਲਤ ਨਹੀਂ।