ਪੁਲਿਸ ਦੇ ਨਿਸ਼ਾਨੇ 'ਤੇ ਗੈਂਗਸਟਰ ਵਿੱਕੀ ਗੌਂਡਰ !
ਏਬੀਪੀ ਸਾਂਝਾ | 17 Dec 2017 01:05 PM (IST)
ਵਿੱਕੀ ਗੌਂਡਰ
ਚੰਡੀਗੜ੍ਹ: ਪੰਜਾਬ ਪੁਲਿਸ ਦੇ ਨਿਸ਼ਾਨੇ 'ਤੇ ਹੁਣ ਗੈਂਗਸਟਰ ਵਿੱਕੀ ਗੌਂਡਰ ਹੈ। ਵਿੱਕੀ ਗੌਂਡਰ ਦੇ ਸਿਰ ’ਤੇ 10 ਲੱਖ ਦਾ ਇਨਾਮ ਹੈ ਤੇ ਉਹ ਪੁਲਿਸ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਸ਼ੁੱਕਰਵਾਰ ਨੂੰ ਬਠਿੰਡਾ ਜ਼ਿਲ੍ਹੇ ਵਿੱਚ ਹੋਈ ਮੁੱਠਭੇੜ ਮਗਰੋਂ ਪੁਲਿਸ ਹੁਣ ਵਿੱਕੀ ਗੌਂਡਰ ਨੂੰ ਹੱਥ ਪਾਉਣ ਦੀ ਤਿਆਰੀ ਵਿੱਚ ਜੁੱਠ ਗਈ ਹੈ। ਇਸ ਮੁੱਠਭੇੜ ਵਿੱਚ ਦੋ ਗੈਂਗਸਟਰ ਮਾਰੇ ਗਏ ਸੀ ਤੇ ਤਿੰਨ ਫੜੇ ਗਏ ਹਨ। ਪੁਲਿਸ ਇਨ੍ਹਾਂ ਫੜੇ ਗਏ ਗੈਂਗਸਟਰਾਂ ਰਾਹੀਂ ਹੀ ਵਿੱਕੀ ਗੌਂਡਰ ਤੱਕ ਪਹੁੰਚਣ ਦੀ ਤਿਆਰੀ ਕਰ ਰਹੀ ਹੈ। ਪਤਾ ਲੱਗਾ ਹੈ ਬਠਿੰਡਾ ਜ਼ਿਲ੍ਹੇ ਵਿੱਚ ਗੈਂਗਸਟਰਾਂ ਵੱਲੋਂ ਖੋਹੀ ਫਾਰਚੂਨਰ ਗੱਡੀ ਗੈਂਗਸਟਰ ਵਿੱਕੀ ਗੌਂਡਰ ਨੂੰ ਤੋਹਫ਼ੇ ਵਜੋਂ ਦਿੱਤੀ ਜਾਣੀ ਸੀ। ਬਠਿੰਡਾ ਪੁਲਿਸ ਨੂੰ ਦੋ ਫੜੇ ਗੈਂਗਸਟਰਾਂ ਤੋਂ ਇਹ ਸੂਹ ਮਿਲੀ ਹੈ। ਪਿਛਲੇ ਦਿਨਾਂ ਵਿੱਚ ਵਿੱਕੀ ਗੌਂਡਰ ਹੱਥੋਂ ਦੋ ਫਾਰਚੂਨਰ ਗੱਡੀਆਂ ਨਿਕਲ ਗਈਆਂ ਸਨ। ਇੱਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਦੂਜੀ ਹਰਿਆਣਾ ਦੇ ਛਛਰੋਲੀ ਫਾਰਮ ਹਾਊਸ ਤੋਂ ਪੁਲੀਸ ਨੇ ਬਰਾਮਦ ਕੀਤੀ। ਬਠਿੰਡਾ ਪੁਲਿਸ ਨਾਲ ਹੋਈ ਮੁੱਠਭੇੜ ਵਿੱਚ ਦੋ ਗੈਂਗਸਟਰ ਮਨਪ੍ਰੀਤ ਮੰਨਾ ਤੇ ਪ੍ਰਭਦੀਪ ਸਿੰਘ ਦੀਪ ਮਾਰੇ ਗਏ ਸਨ ਤੇ ਗੈਂਗਸਟਰ ਅੰਮ੍ਰਿਤਪਾਲ ਫੱਟੜ ਹੋ ਗਿਆ ਸੀ। ਪੁਲਿਸ ਨੇ ਦੋ ਗੈਂਗਸਟਰ ਹਰਵਿੰਦਰ ਸਿੰਘ ਭਿੰਦਾ ਤੇ ਗੁਰਵਿੰਦਰ ਸਿੰਘ ਗਿੰਦਾ ਫੜ ਲਏ ਸਨ। ਹਰਵਿੰਦਰ ਸਿੰਘ ਭਿੰਦਾ, ਮ੍ਰਿਤਕ ਗੈਂਗਸਟਰ ਸ਼ੇਰਾ ਖੁੱਬਣ ਦੀ ਭੂਆ ਦਾ ਮੁੰਡਾ ਹੈ। ਪੁਲਿਸ ਦੀ ਟੇਕ ਇਨ੍ਹਾਂ ਫੜੇ ਗੈਂਗਸਟਰਾਂ ’ਤੇ ਹੈ, ਜਿਸ ਤੋਂ ਪੁਲੀਸ ਵਿੱਕੀ ਗੌਂਡਰ ਤੱਕ ਪੁੱਜਣਾ ਚਾਹੁੰਦੀ ਹੈ।