ਨਾਭਾ ਜੇਲ੍ਹ ਬ੍ਰੇਕ ਮਾਮਲੇ ਦਾ ਮੁੱਖ ਮੁਲਜ਼ਮ ਗੈਂਗਸਟਰ ਵਿੱਕੀ ਗੌਂਡਰ ਦੀ ਫਾਰਚੂਨਰ ਕਾਰ ਬੀਤੀ ਰਾਤ ਹਰਿਆਣਾ ਦੇ ਯਮੁਨਾਨਗਰ ‘ਚ ਛਛਰੌਲੀ ਨੇੜੇ ਪਲਟ ਗਈ। ਪਹਿਲਾਂ ਤੋਂ ਫਰਾਰ ਚੱਲ ਰਿਹਾ ਗੌਂਡਰ ਮੌਕੇ ਤੋਂ ਆਪਣੇ ਹਥਿਆਰਾਂ ਸਮੇਤ ਫਿਰ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ।

ਜਾਣਕਾਰੀ ਮੁਤਾਬਕ ਗੌਂਡਰ ਨੂੰ ਸ਼ਰਨ ਦੇਣ ਵਾਲੇ ਛਛਰੌਲੀ ਦੇ ਹੀ ਠੇਕੇਦਾਰ ਦਰਸ਼ਨ ਸਿੰਘ ਭੂਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਭੂਰੇ ਤੋਂ ਹੋਈ ਪੁੱਛਗਿੱਛ ਵਿੱਚ ਇਹ ਸਾਹਮਣੇ ਆਇਆ ਕਿ ਗੌਂਡਰ ਦੇ ਨਾਲ ਉਸ ਦੇ ਦੋ ਸਾਥੀ ਵੀ ਫਰਾਰ ਹੋਏ ਹਨ, ਜਿਨ੍ਹਾਂ ਦੀ ਪਛਾਣ ਸਿੰਮਾ ਵਾਸੀ ਫਰੀਦਕੋਟ ਤੇ ਗੌਰਵ ਮਿਗਲਾਨੀ ਵਾਸੀ ਕੂਰੁਕਸ਼ੇਤਰ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੌਂਡਰ ਦੇ ਟਿਕਾਣੇ ਤੋਂ ਭਾਰੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਹੋਏ ਹਨ। ਘਟਨਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਦੀਆਂ ਕਈ ਟੀਮਾਂ ਨੇ ਨੇੜਲੇ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਪਰ ਗੌਂਡਰ ਦੀ ਕੋਈ ਉੱਘ-ਸੁੱਗ ਨਹੀਂ ਮਿਲੀ।

ਤਫਤੀਸ਼ ਵਿਚ ਇਹ ਸਾਹਮਣੇ ਆਇਆ ਕਿ ਹਾਦਸਾਗ੍ਰਸਤ SUV ਲੁਧਿਆਣਾ ਤੋਂ ਬੰਦੂਕ ਦੀ ਨੋਕ 'ਤੇ ਖੋਈ ਗਈ ਸੀ। ਯਮੁਨਾਨਗਰ ਪੁਲਿਸ ਨੇ ਗੌਂਡਰ ਦੀਆਂ ਤਸਵੀਰਾਂ ਸਹਿਤ ਸਾਰੇ ਵੇਰਵੇ ਨਾਲ ਲਗਦੇ ਜ਼ਿਲ੍ਹਿਆਂ ਦੀ ਪੁਲਿਸ ਨਾਲ ਸਾਂਝੇ ਕਰ ਦਿੱਤੇ ਹਨ।