ਚੰਡੀਗੜ੍ਹ: ਬਠਿਡਾ ਤੇ ਰੋਪੜ ਥਰਮਲਾਂ ਨੂੰ ਬੰਦ ਕਰਨ ਦੇ ਵਿਰੋਧ ਵਿੱਚ ਬਿਜਲੀ ਕਾਮੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਰੋਸ ਮੁਜ਼ਾਹਰਾ ਕਰਨਗੇ। ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨੇ ਇਹ ਐਲਾਨ ਕੀਤਾ ਹੈ।
ਆਗੂਆਂ ਨੇ ਕਿਹਾ ਪੰਜਾਬ ਦੇ ਬਿਜਲੀ ਕਾਮੇ ਪਿਛਲੇ ਲੰਮੇ ਸਮੇਂ ਤੋ ਥਰਮਲ ਨੂੰ ਬੰਦ ਕਰਨ ਵਿਰੁੱਧ ਸੰਘਰਸ਼ ਕਰ ਰਹੇ ਹਨ। ਜਥੇਬੰਦੀਆਂ ਨੇ ਪੰਜਾਬ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਉਹ ਸਰਕਾਰੀ ਅਦਾਰਿਆਂ ਨੂੰ ਬੰਦ ਕਰਕੇ ਪ੍ਰਾਈਵੇਟ ਸੈਕਟਰ ਨੂੰ ਉਤਸ਼ਾਹਤ ਕਰ ਰਹੀ ਹੈ। ਇਸ ਨਾਲ ਰੁਜ਼ਗਾਰ ਦੇ ਮੌਕੇ ਘੱਟ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਥਰਮਲ ਬੰਦ ਹੋਣ ਨਾਲ ਹਜ਼ਾਰਾਂ ਅਸਾਮੀਆਂ ਖਤਮ ਹੋ ਗਈਆਂ ਹਨ ਜਿਸ ਕਾਰਨ ਮੁਲਾਜ਼ਮਾਂ ਦੀ ਤਰੱਕੀ ਦੇ ਰਸਤੇ ਬੰਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਨੇ 23 ਸਾਲਾਂ ਪ੍ਰਮੋਸਨ ਸਕੇਲ ਬਿਨਾਂ ਕਿਸੇ ਸ਼ਰਤ ਤੋਂ ਸਾਰੇ ਮੁਲਾਜ਼ਮਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ।
ਠੇਕੇਦਾਰੀ ਅਧੀਨ ਕੰਮ ਕਰਦੇ ਕਾਮਿਆਂ ਨੂੰ ਪੱਕਾ ਕਰਨ, ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਤਰਜ਼ ਤੇ ਬਿਜਲੀ ਮੁਲਾਜਮਾਂ ਨੂੰ ਪੇਅ ਬੈਂਡ ਦੇਣ ਦੇ ਫੈਸਲੇ ਤੋਂ ਇਲਾਵਾ 28 ਮੰਗਾਂ ਤੇ ਸਹਿਮਤੀ ਬਣੀ ਸੀ ਪਰ ਲੰਮਾ ਸਮਾਂ ਬੀਤ ਜਾਣ ਬਾਵਜੂਦ ਮੁਲਾਜਮਾਂ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ।