ਚੰਡੀਗੜ੍ਹ: ਪੰਜਾਬ ਬੀ.ਜੇ.ਪੀ. ਦੇ ਪ੍ਰਧਾਨ ਵਿਜੇ ਸਾਂਪਲਾ ਨੇ ਆਮ ਆਦਮੀ ਪਾਰਟੀ ਨੂੰ 'ਮੂਰਖਾਂ ਦਾ ਟੋਲਾ' ਕਰਾਰ ਦਿੱਤਾ ਹੈ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਪਲਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਗੈਰ ਜ਼ਿੰਮੇਵਾਰ ਹੈ ਜਿਸ ਦਾ ਕੋਈ ਆਧਾਰ ਨਹੀਂ। ਦਿੱਲੀ ਦੇ ਕੈਬਨਿਟ ਮੰਤਰੀ ਸੰਦੀਪ ਕੁਮਾਰ ਦੀ ਕਥਿਤ ਸੈਕਸ ਸੀ.ਡੀ. ਉੱਤੇ ਟਿੱਪਣੀ ਕਰਦਿਆਂ ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਹਕੀਕਤ ਹੌਲੀ-ਹੌਲੀ ਸਾਹਮਣੇ ਆ ਰਹੀ ਹੈ।
ਉਨ੍ਹਾਂ ਆਮ ਆਦਮੀ ਪਾਰਟੀ ਉੱਤੇ ਚੁਟਕੀ ਲੈਂਦਿਆਂ ਆਖਿਆ ਕਿ ਡੇਢ ਸਾਲ ਦੇ ਸਮੇਂ ਵਿੱਚ ਦਿੱਲੀ ਦੇ ਤਿੰਨ ਕੈਬਨਿਟ ਮੰਤਰੀ ਵੱਖ-ਵੱਖ ਮਾਮਲਿਆਂ ਵਿੱਚ ਫਸ ਗਏ ਹਨ। ਕਈ ਵਿਧਾਇਕਾਂ ਉੱਤੇ ਕੇਸ ਚੱਲ ਰਹੇ ਹਨ। ਸਾਂਪਲਾ ਨੇ ਆਪਣੀ ਸੁਰ ਆਮ ਆਦਮੀ ਪਾਰਟੀ ਪ੍ਰਤੀ ਤਿੱਖੇ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਨੂੰ ਸਕੈਂਡਲਾਂ ਦੀ ਪਾਰਟੀ ਹੈ। ਉਨ੍ਹਾਂ ਆਪ ਉੱਤੇ ਪੰਜਾਬ ਵਿੱਚ ਟਿਕਟਾਂ ਦੀ ਸੌਦੇਬਾਜ਼ੀ ਕਰਨ ਦਾ ਦੋਸ਼ ਵੀ ਲਾਇਆ। ਸਾਂਪਲਾ ਨੇ ਆਮ ਆਦਮੀ ਪਾਰਟੀ ਪ੍ਰਤੀ ਪੰਜਾਬ ਦੇ ਲੋਕਾਂ ਨੂੰ ਸੁਚੇਤ ਵੀ ਕੀਤਾ।
ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਵਿੱਚ ਨੀਲਾ ਕਾਰਡ ਧਾਰਕਾਂ ਪ੍ਰਤੀ ਕੀਤੀ ਗਈ ਟਿੱਪਣੀ ਦੀ ਵੀ ਸਾਂਪਲਾ ਨੇ ਨਿੰਦਾ ਕੀਤੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬੀਜੇਪੀ ਪ੍ਰਧਾਨ ਨੇ ਪੰਜਾਬ ਦਾ ਸਭ ਤੋਂ ਸਰਵੋਤਮ ਆਗੂ ਕਰ ਦਿੱਤਾ। ਬੀਜੇਪੀ ਦੀ ਵਿਧਾਇਕ ਨਵਜੋਤ ਕੌਰ ਸਿੱਧੂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦੇ ਮੁੱਦੇ ਉੱਤੇ ਪਾਰਟੀ ਨੇ ਮੂੰਹ ਬੰਦ ਰੱਖਣ ਦੀ ਨੀਤੀ ਅਪਣਾ ਲਈ ਹੈ। ਵਾਰ-ਵਾਰ ਪੁੱਛੇ ਜਾਣ ਤੋਂ ਬਾਅਦ ਵੀ ਸਾਂਪਲਾ ਨੇ ਸਿੱਧੂ ਜੋੜੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ।