Election 2024: ਬੀਜੇਪੀ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸ ਤੋਂ ਬਾਅਦ ਅਦਾਕਾਰ ਤੇ ਸਾਬਕਾ ਐਮਪੀ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਵੀ ਸਾਹਮਣੇ ਆ ਗਈ ਹੈ। ਕਵਿਤਾ ਖੰਨਾ ਨੇ ਕਿਹਾ ਕਿ ਸਰੇਅ ਦੇ ਮੁਤਾਬਕ ਗੁਰਦਾਸਪੁਰ ਦੇ 80 ਫੀਸਦ ਲੋਕ ਚਾਹੁੰਦੇ ਹਨ ਕਿ ਉਹ ਚੋਣ ਮੈਦਾਨ ਵਿੱਚ ਆਉਣ।


ਕਵਿਤਾ ਖੰਨਾ ਨੇ ਕਿਹਾ ਕਿ ਹਾਲੇ ਮੈਂ ਸਾਫ਼ ਨਹੀਂ ਕੀਤਾ ਕਿ ਕਿਸੇ ਪਾਰਟੀ ਨਾਲ ਮਿਲ ਕੇ ਗੁਰਦਾਪੁਰ ਤੋਂ ਚੋਣ ਲੜੀ ਹੈ ਜਾਂ ਆਜ਼ਾਦ ਖੜ੍ਹੇ ਹੋ ਕੇ ਮੈਦਾਨ 'ਚ ਨਿਤਰਨਾ ਹੈ ਪਰ ਸਾਫ਼ ਹੈ ਇਸ ਵਾਰ ਦੀਆਂ ਚੋਣਾਂ ਉਹ ਜ਼ਰੂਰ ਲੜਨਗੇ। ਉਹਨਾਂ ਨੇ ਕਿਹਾ ਕਿ  ਵਿਨੋਦ ਖੰਨਾ ਨੇ ਆਪਣੇ ਆਖਰੀ ਪਲਾਂ ਤੱਕ ਗੁਰਦਾਸਪੁਰ ਲਈ ਚਿੰਤਾ ਪ੍ਰਗਟਾਈ। ਉਹ ਖੁਦ ਵੀ ਪਿਛਲੇ 36 ਸਾਲਾਂ ਤੋਂ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ। ਇੱਥੇ ਉਨ੍ਹਾਂ ਵੱਲੋਂ ਕਵਿਤਾ ਵਿਨੋਦ ਖੰਨਾ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਗਈ ਹੈ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਕੰਮ ਕਰ ਰਹੀ ਹੈ।


ਕਵਿਤਾ ਖੰਨਾ ਦਾ ਕਹਿਣਾ ਹੈ ਕਿ ਧਰਮ ਸਮਾਜ ਸੇਵਾ ਦਾ ਵੀ ਸੱਦਾ ਦਿੰਦਾ ਹੈ, ਪਰ ਇਸ ਲਈ ਸਭ ਤੋਂ ਢੁੱਕਵਾਂ ਮੰਚ ਰਾਜਨੀਤੀ ਹੈ। ਉਹ ਇੱਥੇ ਵਿਨੋਦ ਖੰਨਾ ਦੀ ਤਰਜ਼ 'ਤੇ ਕੰਮ ਕਰਨਾ ਚਾਹੁੰਦੀ ਹੈ, ਚਾਹੇ ਆਜ਼ਾਦ ਰਾਹੀਂ ਜਾਂ ਕਿਸੇ ਹੋਰ ਤਰੀਕੇ ਨਾਲ।  



ਵਿਨੋਦ ਖੰਨਾ ਭਾਜਪਾ ਦੀ ਤਰਫੋਂ   ਗੁਰਦਾਸਪੁਰ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ 2002 'ਚ ਉਹਨਾਂ ਨੂੰ ਕੇਂਦਰੀ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਵੀ ਬਣਾਇਆ ਗਿਆ ਸੀ। ਇਸ ਤੋਂ 6 ਮਹੀਨਿਆ ਬਾਅਦ ਫਿਰ ਵਿਨੋਦ ਖੰਨਾ ਨੂੰ  ਵਿਦੇਸ਼ ਮਾਮਲਿਆਂ ਦੇ ਬਹੁਤ ਮਹੱਤਵਪੂਰਨ ਮੰਤਰਾਲੇ ਵਿੱਚ ਰਾਜ ਮੰਤਰੀ ਬਣਾਇਆ ਗਿਆ ਸੀ।



2019 'ਚ ਜਿੱਤ ਤੋਂ ਬਾਅਦ ਸੰਨੀ ਦਿਓਲ ਦੀ ਗੈਰ-ਹਾਜ਼ਰੀ 'ਤੇ ਨਾਰਾਜ਼ ਲੋਕਾਂ ਦੇ ਗੁੱਸੇ ਨੂੰ ਦੂਰ ਕਰਨ ਲਈ ਭਾਜਪਾ ਨੇ ਪੈਰਾਸ਼ੂਟ ਉਮੀਦਵਾਰ ਨੂੰ ਮੈਦਾਨ 'ਚ ਉਤਾਰਨ ਦੀ ਬਜਾਏ ਸਥਾਨਕ ਨੇਤਾ ਅਤੇ ਸਾਬਕਾ ਵਿਧਾਇਕ ਦਿਨੇਸ਼ ਬੱਬੂ ਨੂੰ ਟਿਕਟ ਦੇ ਦਿੱਤੀ ਹੈ। ਇਸ ਦੇ ਵਿਰੋਧ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਕਾਰੋਬਾਰੀ ਸਵਰਨ ਸਲਾਰੀਆ ਨੇ ਵੀ ਚੋਣ ਲੜਨ ਦਾ ਐਲਾਨ ਕੀਤਾ ਹੈ।