Punjab News: ਬਠਿੰਡਾ ਦੇ ਪਿੰਡ ਜਿਉਂਦ ਵਿਖੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਿੰਡ ਵਿੱਚ ਨਕਸ਼ਾਬੰਦੀ ਤੇ ਮੁਰੱਬਾਬੰਦੀ ਦੇ ਮੁੱਦੇ ਨੂੰ ਲੈ ਕੇ ਕਿਸਾਨਾਂ ਤੇ ਪੁਲਿਸ ਵਿਚਾਲੇ ਟਕਰਾਅ ਹੋ ਗਿਆ।  ਕਿਸਾਨਾਂ ਨੇ ਕਿਹਾ ਪ੍ਰਸ਼ਾਸ਼ਨ ਵੱਲੋਂ ਜ਼ਬਰਦਸਤੀ ਕੀਤੀ ਜਾ ਰਹੀ ਹੈ ਜਿਸ ਦਾ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। 


ਇਸ ਘਟਨਾ ਵਿੱਚ ਪੁਲਿਸ ਨੇ ਕਿਸਾਨਾਂ ਦੀ ਟਰਾਲੀ ਨੂੰ ਜ਼ਬਤ ਕਰ ਲਿਆ, ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨ ਮੌਕੇ 'ਤੇ ਪਹੁੰਚੇ। ਦੋਵਾਂ ਧਿਰਾਂ ਵਿਚਕਾਰ ਗਰਮਾ-ਗਰਮ ਬਹਿਸ ਤੇ ਹੱਥੋਪਾਈ ਦੀ ਸਥਿਤੀ ਪੈਦਾ ਹੋ ਗਈ। ਕਿਸਾਨਾਂ ਦੇ ਵਧਦੇ ਵਿਰੋਧ ਦੇ ਸਾਹਮਣੇ ਪ੍ਰਸ਼ਾਸਨ ਨੂੰ ਝੁਕਣਾ ਪਿਆ ਤੇ ਜ਼ਬਤ ਕੀਤੀਆਂ ਟਰਾਲੀਆਂ ਵਾਪਸ ਕਰਨੀਆਂ ਪਈਆਂ।



ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਪਿੰਗ ਅਤੇ ਮੁਰੱਬਾ ਬੰਦੀ ਰਾਹੀਂ ਕਿਸਾਨਾਂ ਦੀ ਜ਼ਮੀਨ ਖੋਹਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਇਨ੍ਹਾਂ ਜ਼ਮੀਨਾਂ 'ਤੇ ਚਾਰ ਦਹਾਕਿਆਂ ਤੋਂ ਖੇਤੀ ਕਰ ਰਹੇ ਹਨ ਤੇ ਹੁਣ ਜ਼ਬਰਦਸਤੀ ਨਕਸ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਅਜਿਹੀ ਕਾਰਵਾਈ ਜਾਰੀ ਰੱਖੀ ਤਾਂ ਇਸਦਾ ਸਖ਼ਤ ਵਿਰੋਧ ਕੀਤਾ ਜਾਵੇਗਾ।



ਉਹਨਾਂ ਕਿਹਾ ਕਿ ਭਾਵੇਂ ਸਰਕਾਰ ਅਦਾਲਤ ਦਾ ਸਹਾਰਾ ਲੈ ਕੇ ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ ਪਰ ਜਦੋਂ ਕਿਸਾਨਾਂ ਦੇ ਹੱਕ ਵਿੱਚ ਕੋਈ ਫੈਸਲਾ ਆਉਂਦਾ ਹੈ ਤਾਂ ਇਹ ਸਰਕਾਰਾਂ ਲਾਗੂ ਕਰਨ ਤੋਂ ਆਨਾਕਾਨੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੁਰੱਬਾ ਬੰਦੀ ਅਤੇ ਨਕਸ਼ਾ ਬੰਦੀ ਦੀ ਕੀ ਲੋੜ ਹੈ, ਜਦੋਂ ਕਿਸਾਨਾਂ ਵੱਲੋਂ ਚਾਰ ਦਹਾਕਿਆਂ ਤੋਂ ਇਸ ਜ਼ਮੀਨ ਤੇ ਵਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਕਿਸਾਨਾਂ ਜ਼ਮੀਨ ਦੀ ਨਕਸ਼ਾ ਬੰਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ


ਇਹ ਵੀ ਪੜ੍ਹੋ-Punjab News: ਦਿੱਲੀ ਦੀ ਚਾਕਰੀ ਛੱਡ ਦਿਓ.....,ਕੇਜਰੀਵਾਲ ਦੇ ਖ਼ਾਸ ਬਿਭਵ ਕੁਮਾਰ ਨੂੰ ਪੰਜਾਬ 'ਚ ਮਿਲੀ Z+ ਸੁਰੱਖਿਆ, ਲੱਖਾਂ ਦਾ ਹੋਵੇਗਾ ਖ਼ਰਚਾ, ਮਜੀਠੀਆ ਨੇ ਕੀਤਾ ਦਾਅਵਾ