ਅੰਮ੍ਰਿਤਸਰ: ਪ੍ਰਸਿੱਧ ਸੂਫੀ ਗਾਇਕ ਤੇ ਪਦਮਸ਼੍ਰੀ ਪੂਰਨ ਚੰਦ ਵਡਾਲੀ ਦੇ ਛੋਟੇ ਭਰਾ ਪਿਆਰੇ ਲਾਲ ਵਡਾਲੀ ਨਮਿਤ ਅੱਜ ਭੋਗ ਤੇ ਅੰਤਿਮ ਅਰਦਾਸ ਕਰਵਾਈ ਗਈ। ਇਸ ਮੌਕੇ ਨਾਮਵਰ ਗਾਇਕਾਂ, ਕਲਾਕਾਰਾਂ, ਰਾਜਸੀ ਨੇਤਾਵਾਂ ਤੇ ਸਮਾਜਿਕ ਹਸਤੀਆਂ ਨੇ ਸੂਫ਼ੀ ਗਾਇਕ ਪਿਆਰੇ ਲਾਲ ਵਡਾਲੀ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ। ਛੇਵੀਂ ਪਾਤਸ਼ਾਹੀ ਹਰਗੋਬਿੰਦ ਸਾਹਿਬ ਦੇ ਜਨਮ ਅਸਥਾਨ ਗੁਰੁਦੁਆਰਾ ਗੁਰੂ ਕੀ ਵਡਾਲੀ ਵਿਖੇ ਕਰਵਾਏ ਸ਼ਰਧਾਂਜਲੀ ਸਮਾਗਮ ਮੌਕੇ ਉਸਤਾਦ ਪਿਆਰੇ ਲਾਲ ਵਡਾਲੀ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਨਾਮਵਰ ਪੰਜਾਬੀ ਗਾਇਕ ਸਰਦੂਲ ਸਿਕੰਦਰ, ਸੁਰਿੰਦਰ ਸ਼ਿੰਦਾ, ਜੱਸੀ, ਮਾਸਟਰ ਸਲੀਮ, ਨਰਿੰਦਰ ਚੰਚਲ ਹਾਜ਼ਰ ਸਨ। ਇਸ ਤੋਂ ਇਲਾਵਾ ਅਨੇਕਾਂ ਕਲਾਕਾਰ, ਰਾਜਸੀ, ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ, ਪਰਿਵਾਰਕ ਮੈਂਬਰ ਤੇ ਵੱਡੀ ਗਿਣਤੀ ਪ੍ਰਸ਼ੰਸਕ ਸ਼ਾਮਲ ਹੋਏ। ਇਸ ਮੌਕੇ ਉਸਤਾਦ ਪਿਆਰੇ ਲਾਲ ਵਡਾਲੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਸੂਫੀ ਗਾਇਕੀ ਵਿੱਚ ਵਿਸ਼ਵ ਭਰ ਵਿੱਚ ਨਾਮਣਾ ਖੱਟਣ ਵਾਲੇ ਵਡਾਲੀ ਭਰਾਵਾਂ ਦੀ ਜੋੜੀ ਟੁੱਟਣ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਸਤਾਦ ਪਿਆਰੇ ਲਾਲ ਵਡਾਲੀ ਦੇ ਵੱਡੇ ਬੇਟੇ ਸਤਪਾਲ ਸਿੰਘ ਨੂੰ ਦਸਤਾਰ ਭੇਟ ਕੀਤੀ ਗਈ। ਸ਼ਰਧਾਂਜਲੀ ਮੌਕੇ ਪਦਮ ਸ਼੍ਰੀ ਯੌਰਨ ਚੰਦ ਵਡਾਲੀ ਨੇ ਦੁਖ ਦੀ ਘੜੀ ਵਿੱਚ ਹਮਦਰਦੀ ਦਰਸਾਉਣ ਆਏ ਸਾਰੇ ਕਲਾਕਾਰਾਂ ਤੇ ਕਲਾ ਪ੍ਰੇਮੀਆਂ ਦਾ ਧੰਨਵਾਦ ਕੀਤਾ।