ਨਵੀਂ ਦਿੱਲੀ: 2014 ਵਿੱਚ ਇਰਾਕ ਦੇ ਮੋਸੁਲ ਸ਼ਹਿਰ 39 ਭਾਰਤੀਆਂ ਦੀ ਦਰਦਨਾਕ ਹੱਤਿਆ ਅਬੁ ਬਕਰ ਅਲ ਬਗ਼ਦਾਦੀ ਦੇ ਸੰਗਠਨ ਇਸਲਾਮਿਕ ਸਟੇਟ (ISIS) ਨੇ ਹੱਤਿਆ ਕਰ ਦਿੱਤੀ ਸੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਰਾਜ ਸਭਾ ਵਿੱਚ ਕਿਹਾ ਕਿ ਡੀ.ਐਨ.ਏ. ਜਾਂਚ ਤੋਂ ਬਾਅਦ ਮੌਤ ਦੀ ਪੁਸ਼ਟੀ ਕੀਤੀ ਗਈ। 39 ਭਾਰਤੀਆਂ ਵਿੱਚ 31 ਪੰਜਾਬ, 4 ਹਿਮਾਚਲ ਪ੍ਰਦੇਸ਼ ਤੇ ਬਿਹਾਰ ਤੇ ਪੱਛਮੀ ਬੰਗਾਲ ਦੇ 2-2 ਨਾਗਰਿਕ ਸ਼ਾਮਲ ਸਨ।

ਵਿਦੇਸ਼ ਮੰਤਰੀ ਨੇ ਕਿਹਾ ਕਿ ਛੇਤੀ ਹੀ ਇਨ੍ਹਾਂ ਮ੍ਰਿਤਕ ਦੇਹਾਂ ਨੂੰ ਭਾਰਤ ਲਿਆਂਦਾ ਜਾਵੇਗਾ। ਸੁਸ਼ਮਾ ਸਵਰਾਜ ਦੇ ਬਿਆਨ ਤੋਂ ਬਾਅਦ ਕਾਂਗਰਸ ਨੇ ਸਾਢੇ ਤਿੰਨ ਸਾਲਾਂ ਤਕ ਲੋਕਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਾਇਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿੰਝ ਇਹ ਦਰਦਨਾਕ ਵਰਤਾਰਾ ਵਾਪਰਿਆ-

ਸੁਸ਼ਮਾ ਸਵਰਾਜ ਨੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਦੱਸਿਆ ਕਿ 39 ਭਾਰਤੀਆਂ ਦੇ ਮਾਰੇ ਜਾਣ ਬਾਰੇ ਹਰਜੀਤ ਮਸੀਹ ਨੇ ਮਨਘੜਤ ਕਹਾਣੀ ਸੁਣਾਈ ਸੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਪਿੱਛੇ ਜਿਹੇ ਜਦੋਂ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਉਸ ਕੰਪਨੀ ਦੇ ਮਾਲਕ ਨਾਲ ਗੱਲਬਾਤ ਕੀਤੀ ਜਿੱਥੇ ਇਹ 39 ਭਾਰਤੀ ਕੰਮ ਕਰਦੇ ਸਨ। ਉੱਥੋਂ ਪਤਾ ਲੱਗਾ ਕਿ ਜਦ ਆਈ.ਐਸ. ਨੇ ਮੋਸੁਲ 'ਤੇ ਕਬਜ਼ਾ ਕਰਨਾ ਸ਼ੁਰੂ ਕੀਤਾ ਤਾਂ ਕੰਪਨੀ ਨੇ ਸਾਰੇ ਕਾਮਿਆਂ ਨੂੰ ਜਾਣ ਲਈ ਕਿਹਾ। ਇਸ ਦੇ ਬਾਵਜੂਦ ਭਾਰਤੀ ਤੇ ਬੰਗਲਾਦੇਸ਼ੀ ਮਜ਼ਦੂਰਾਂ ਨੇ ਕੰਪਨੀ ਛੱਡੀ ਨਹੀਂ ਜਦਕਿ ਇਰਾਕ ਤੇ ਹੋਰ ਦੇਸ਼ਾਂ ਦੇ ਕਾਮੇ ਚਲੇ ਗਏ।

ਬੰਗਲਾਦੇਸ਼ੀਆਂ ਨੂੰ ਭਾਰਤੀਆਂ ਨੂੰ ਵੱਖ-ਵੱਖ ਕੀਤਾ ਗਿਆ

ਵੀ.ਕੇ. ਸਿੰਘ ਨੇ ਹੋਟਲ ਕਰਮਚਾਰੀ (ਕੇਟਰਰ) ਨੇ ਦੱਸਿਆ ਕਿ ਇੱਕ ਦਿਨ ਜਦ ਭਾਰਤੀ ਤੇ ਬੰਗਲਾਦੇਸ਼ੀ ਕਾਮੇ ਉਸ ਕੋਲ ਰੋਟੀ ਖਾਣ ਆ ਰਹੇ ਸਨ ਤਾਂ ਆਈ.ਐਸ. ਦੇ ਲੋਕ ਉਨ੍ਹਾਂ ਨੂੰ ਟੈਕਸਟਾਈਲ ਫੈਕਟਰੀ ਲੈ ਗਏ। ਉੱਥੇ ਜਾ ਕੇ ਬੰਗਲਾਦੇਸ਼ੀਆਂ ਤੇ ਭਾਰਤੀਆਂ ਨੂੰ ਵੱਖੋ-ਵੱਖ ਰੱਖਣ ਲਈ ਕਿਹਾ ਗਿਆ ਤੇ ਇੱਕ ਦਿਨ ਉਨ੍ਹਾਂ ਕੇਟਰਰ ਨੂੰ ਕਿਹਾ ਕਿ ਬੰਗਲਾਦੇਸ਼ੀਆਂ ਨੂੰ ਇਰਬਿਲ ਭੇਜ ਦਿਓ। ਕੇਟਰਰ ਨੇ ਦਾਅਵਾ ਕੀਤਾ ਕਿ ਉਸ ਨੇ ਹਰਜੀਤ ਮਸੀਹ ਨੂੰ ਬੰਗਾਲਦੇਸ਼ੀਆਂ ਨੂੰ ਮੁਸਲਿਮ ਨਾਂ ਦੇ ਕੇ ਇਰਬਿਲ ਛੱਡ ਦਿੱਤਾ। ਉੱਥੋਂ ਹਰਜੀਤ ਦੀ ਸੁਸ਼ਮਾ ਸਵਰਾਜ ਨਾਲ ਗੱਲ ਹੋਈ। ਵਿਦੇਸ਼ ਮੰਤਰੀ ਨੇ ਪੁੱਛਿਆ ਕਿ ਉਹ ਇੱਥੇ ਕਿਵੇਂ ਆਇਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਹ ਇੱਥੇ ਕਿਵੇਂ ਪਹੁੰਚਿਆ। ਉਸ ਨੇ ਸਿਰਫ ਇੰਨਾ ਕਿਹਾ ਕਿ ਮੈਨੂੰ ਇੱਥੋਂ ਕੱਢ ਦਿਓ।

ਵਿਦੇਸ਼ ਮੰਤਰੀ ਨੇ ਦੱਸਿਆ ਕਿ ਹਰਜੀਤ ਮਸੀਹ ਨੇ ਮਨਘੜਤ ਕਹਾਣੀ ਸੁਣਾਈ ਸੀ ਕਿ ਸਾਰਿਆਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਤੇ ਉਸ ਦੇ ਪੈਰ ਵਿੱਚ ਗੋਲ਼ੀ ਮਾਰੀ ਗਈ। ਉਨ੍ਹਾਂ ਦੱਸਿਆ ਕਿ ਮਸੀਹ ਅਲੀ ਬਣ ਕੇ ਇਰਬਿਲ ਨਿਕਲ ਗਿਆ ਸੀ। ਅੱਤਵਾਦੀ ਰੋਜ਼ ਭਾਰਤੀ ਮਜ਼ਦੂਰਾਂ ਦੀ ਗਿਣਤੀ ਕਰਦੇ ਸਨ, ਹਰਜੀਤ ਦੇ ਜਾਣ ਤੋਂ ਬਾਅਦ 39 ਮਜ਼ਦੂਰ ਬਚੇ ਸਨ। ਕੰਪਨੀ ਦੇ ਮਾਲਕ ਮੁਤਾਬਕ ਆਈ.ਐਸ. ਨੇ ਸਾਰੇ ਮਜ਼ਦੂਰਾਂ ਨੂੰ ਬਦੁਸ਼ ਲੈ ਗਏ, ਇਸ ਤੋਂ ਬਾਅਦ ਉਨ੍ਹਾਂ ਨੂੰ ਇਨ੍ਹਾਂ ਕਾਮਿਆਂ ਬਾਰੇ ਕੋਈ ਜਾਣਕਾਰੀ ਨਹੀਂ। ਮਸੀਹ ਕਿਸੇ ਤਰ੍ਹਾਂ ਇਰਾਕ ਤੋਂ ਬਚ ਕੇ ਭਾਰਤ ਆ ਗਿਆ ਸੀ। ਉਸ ਨੇ ਦੱਸਿਆ ਸੀ ਕਿ ਕਿਵੇਂ ਆਈ.ਐਸ. ਦੇ ਅੱਤਵਾਦੀਆਂ ਨੇ 50 ਬੰਗਲਾਦੇਸ਼ੀ ਤੇ 40 ਭਾਰਤੀਆਂ ਨੂੰ ਉਨ੍ਹਾਂ ਦੀਆਂ ਕੰਪਨੀ ਦੀਆਂ ਬੱਸਾਂ ਵਿੱਚ ਭਰ ਕੇ ਕਿਸੇ ਪਹਾੜੀ 'ਤੇ ਲਿਜਾ ਕੇ ਗੋਲ਼ੀਆਂ ਮਾਰ ਦਿੱਤੀਆਂ ਸਨ।

ਪਹਾੜ 'ਤੇ ਹੱਤਿਆ ਤੋਂ ਬਾਅਦ ਦਫ਼ਨਾ ਦਿੱਤੇ ਗਏ ਸਾਰੇ ਮਜ਼ਦੂਰ

ਕੰਪਨੀ ਨੇ ਗੱਲਬਾਤ ਤੋਂ ਬਾਅਦ ਇਰਾਕ ਦੇ ਅਧਿਕਾਰੀ ਨਾਲ ਭਾਰਤੀ ਅਧਿਕਾਰੀ ਬਦੁਸ਼ ਗਏ। ਉੱਥੇ ਕਈ ਦਿਨਾਂ ਤਕ ਲਾਪਤਾ ਭਾਰਤੀਆਂ ਦੀ ਤਲਾਸ਼ ਕਰਦੇ ਰਹੇ ਸਨ ਤਾਂ ਇੱਕ ਵਿਅਕਤੀ ਨੇ ਦੱਸਿਆ ਕਿ ਇੱਕ ਪਹਾੜ 'ਤੇ ਬਹੁਤ ਸਾਰੇ ਲੋਕਾਂ ਨੂੰ ਦਫਨਾਇਆ ਗਿਆ ਹੈ। ਅਧਿਕਾਰੀਆਂ ਨੇ ਪਹਾੜੀ ਨੂੰ ਪਟਵਾਇਆ। ਉੱਥੋਂ ਮਿਲੀਆਂ ਲਾਸ਼ਾਂ ਦੇ ਲੰਮੇ ਵਾਲ, ਕੜਾ, ਜੁੱਤਿਆਂ (ਜੋ ਇਰਾਕੀ ਨਹੀਂ ਸਨ) ਤੋਂ ਭਾਰਤੀ ਹੋਣ ਦਾ ਖ਼ਦਸ਼ਾ ਹੋਇਆ। ਇਸ ਤੋਂ ਬਾਅਦ ਹੋਰ ਖੁਦਾਈ ਕੀਤੀ ਤਾਂ ਉੱਥੋਂ 39 ਲਾਸ਼ਾਂ ਮਿਲੀਆਂ। ਸਾਰੀਆਂ ਲਾਸ਼ਾਂ ਨੂੰ ਬਗ਼ਦਾਦ ਭੇਜਿਆ ਗਿਆ, ਜਿੱਥੇ ਲਾਸ਼ਾਂ ਦੀ ਜਾਂਚ ਸ਼ੁਰੂ ਕੀਤੀ ਗਈ। ਜਾਂਚ ਕਰ ਰਹੀ ਸੰਸਥਾ ਨੇ ਡੀ.ਐਨ.ਏ. ਸੈਂਪਲ ਦੀ ਮੰਗ ਕੀਤੀ ਤਾਂ ਪਿਛਲੇ ਸਾਲ ਪੰਜਾਬ, ਹਿਮਾਚਲ, ਬਿਹਾਰ ਤੇ ਪੱਛਮੀ ਬੰਗਾਲ ਸਰਕਾਰ ਤੋਂ ਇਹ ਨਮੂਨੇ ਲੈ ਕੇ ਬਗ਼ਦਾਦ ਭੇਜੇ।

ਲਾਸ਼ਾਂ ਦੇ ਢੇਰ ਵਿੱਚੋਂ ਭਾਰਤੀਆਂ ਨੂੰ ਲੱਭਣਾ ਸੀ ਮੁਸ਼ਕਲ

ਵਿਦੇਸ਼ ਮੰਤਰੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸੰਦੀਪ ਨਾਂਅ ਦੇ ਵਿਅਕਤੀ ਦਾ ਡੀ.ਐਨ.ਏ. ਮਿਲ ਗਿਆ। ਬੀਤੇ ਕੱਲ੍ਹ (ਸੋਮਵਾਰ) ਤਕ 38 ਲਾਸ਼ਾਂ ਦੇ ਡੀ.ਐਨ.ਏ. ਦਾ ਮਿਲਾਨ ਕੀਤਾ ਜਾ ਚੁੱਕਾ ਸੀ ਜਦਕਿ 39ਵੇਂ ਦਾ ਡੀ.ਐਨ.ਏ. 70 ਫ਼ੀ ਸਦੀ ਮੈਚ ਕਰ ਗਿਆ। ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਲਾਸ਼ਾਂ ਦੇ ਮਿਲਣ ਤਕ ਭਾਰਤੀਆਂ ਨੂੰ ਮ੍ਰਿਤਕ ਕਹਿ ਨਹੀਂ ਸੀ ਸਕਦੀ। ਉਨ੍ਹਾਂ ਦੱਸਿਆ ਕਿ ਹੁਣ ਜਨਰਲ ਵੀ.ਕੇ. ਸਿੰਘ ਵਿਸ਼ੇਸ਼ ਜਹਾਜ਼ ਲੈ ਕੇ ਇਰਾਕ ਜਾਣਗੇ ਤੇ ਸਾਰੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਲੈ ਕੇ ਆਉਣਗੇ। ਉਨ੍ਹਾਂ ਵਿਦੇਸ਼ ਰਾਜ ਮੰਤਰੀ ਦਾ ਇਨ੍ਹਾਂ ਭਾਰਤੀਆਂ ਦੀ ਖੋਜ ਕਰਨ 'ਤੇ ਧੰਨਵਾਦ ਪ੍ਰਗਟ ਕੀਤਾ।