ਬਠਿੰਡਾ: ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਅਦਾਲਤ ਨੇ ਬਲਾਤਕਾਰੀ ਐਲਾਨ ਦਿੱਤਾ ਹੈ। ਅਦਾਲਤ ਦਾ ਫੈਸਲਾ ਆਉਣ ਤੋਂ 4 ਦਿਨ ਪਹਿਲਾਂ ਹੀ ਉਸ ਦੇ ਸਮਰਥਕ ਪੰਚਕੂਲਾ ਵਿੱਚ ਇਕੱਠਾ ਹੋਣੇ ਸ਼ੁਰੂ ਹੋ ਗਏ ਸਨ।
ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਵਾਰ-ਵਾਰ ਇਹ ਸਵਾਲ ਕੀਤਾ ਸੀ ਕਿ ਧਾਰਾ 144 ਲੱਗਣ ਦੇ ਬਾਵਜੂਦ ਇੰਨੀ ਵੱਡੀ ਗਿਣਤੀ ਵਿੱਚ ਲੋਕ ਪੰਚਕੂਲਾ ਵਿੱਚ ਸੀ.ਬੀ.ਆਈ. ਅਦਾਲਤ ਨਜ਼ਦੀਕ ਇਕੱਠੇ ਕਿਉਂ ਹੋ ਗਏ ਸਨ। ਡੇਰਾ ਪ੍ਰੇਮੀਆਂ ਦਾ ਬਹੁ-ਗਿਣਤੀ ਵਿੱਚ ਇਕੱਠਾ ਹੋਣ ਦਾ ਕਾਰਨ ਹੈ ਕਿ ਡੇਰਾ ਮੁਖੀ ਵੱਲੋਂ ਆਪਣੇ ਹੀ ਪੈਰੋਕਾਰਾਂ ਨੂੰ ਬੁੱਧੂ ਬਣਾਇਆ ਜਾਣਾ।
ਹਿੰਸਾ ਭੜਕਣ ਤੋਂ ਬਾਅਦ ਜਦ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਪੰਚਕੂਲਾ ਛੱਡ ਕੇ ਭੱਜਣ ਲੱਗੇ ਤਾਂ ਪੰਜਾਬ ਤੋਂ ਆਏ ਡੇਰਾ ਪ੍ਰੇਮੀ ਜ਼ੀਰਕਪੁਰ ਵੱਲ ਆ ਗਏ। ਇੱਥੇ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਬੱਸਾਂ ਵਿੱਚ ਸਵਾਰ ਹੋ ਕੇ ਉਹ ਆਪੋ-ਆਪਣੇ ਟਿਕਾਣਿਆਂ ਵੱਲ ਤੁਰ ਪਏ।
ਇਨ੍ਹਾਂ ਵਿੱਚੋਂ ਕਈ ਬੱਸਾਂ ਬਠਿੰਡਾ ਵੀ ਪਹੁੰਚੀਆਂ ਜਿੱਥੇ ਪੁਲਿਸ ਨੇ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਬੱਸ ਵਿੱਚੋਂ ਉਤਰਨ ਦਿੱਤਾ। ਉਨ੍ਹਾਂ ਦੇ ਨਾਂ, ਪਤੇ ਦਰਜ ਕਰਨ ਤੋਂ ਇਲਾਵਾ ਉਨ੍ਹਾਂ ਦੇ ਸਾਮਾਨ ਦੀ ਵੀ ਤਲਾਸ਼ੀ ਲਈ ਗਈ।
ਪੱਤਰਕਾਰਾਂ ਨੇ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਇਸ ਗੱਲ ਦਾ ਪਤਾ ਲੱਗਾ ਕਿ ਲੋਕਾਂ ਨੂੰ ਸਤਿਸੰਗ ਹੋਣਾ ਹੈ ਤੇ ਜਾਂ ਡੇਰਾ ਮੁਖੀ ਦੇ ਦਰਸ਼ਨ ਕਰਨ ਦੇ ਬਹਾਨੇ ਪੰਚਕੂਲਾ ਸੱਦਿਆ ਗਿਆ ਸੀ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਡੇਰੇ ਨੇ ਜਾਣ ਬੁੱਝ ਕੇ ਆਪਣੇ ਸਮਰਥਕਾਂ ਦਾ ਇਕੱਠ ਕਰ ਕੇ ਪ੍ਰਸ਼ਾਸਨ ਤੇ ਸਰਕਾਰ 'ਤੇ ਆਪਣਾ ਪ੍ਰਭਾਵ ਛੱਡਣਾ ਚਾਹਿਆ ਸੀ।