ਗਗਨਦੀਪ ਸ਼ਰਮਾ

ਅੰਮ੍ਰਿਤਸਰ: ਸੂਬੇ ਵਿੱਚ ਸੱਤਾ ਸੰਭਾਲਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ। ਇਨ੍ਹਾਂ ਵਿੱਚੋਂ ਕੁਝ ਵਾਅਦੇ ਅਜਿਹੇ ਸਨ ਜੋ ਸਿੱਧੇ ਤੌਰ ਤੇ ਗ਼ਰੀਬ ਤੇ ਦਲਿਤ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਸਨ। ਇਨ੍ਹਾਂ ਵਾਅਦਿਆਂ ਨੇ ਕਈ ਲੋਕਾਂ ਦੇ ਚਿਹਰਿਆਂ ਉੱਪਰ ਉਮੀਦਾਂ ਦੀਆਂ ਕਿਰਨਾਂ ਵੀ ਲਿਆ ਦਿੱਤੀਆਂ ਪਰ ਕੈਪਟਨ ਦੀ ਅਗਵਾਈ ਵਿੱਚ ਕਾਂਗਰਸ ਨੇ ਪੰਜਾਬ ਵਿੱਚ ਸੱਤਾ ਤਾਂ ਸੰਭਾਲ ਲਈ ਪਰ ਪਿਛਲੇ ਤਿੰਨ ਸਾਲਾਂ ਵਿੱਚ ਇਨ੍ਹਾਂ ਵਿੱਚੋਂ ਕੀਤੇ ਵਾਅਦੇ ਪੂਰੇ ਨਾ ਹੋਣ ਕਰਕੇ ਲੋਕਾਂ ਨਾਲ ਜੁੜੇ ਮਸਲੇ ਹੁਣ ਲੋਕਾਂ ਵਿੱਚ ਰੋਸ ਪੈਦਾ ਕਰਨ ਲੱਗੇ ਹਨ। ਖੁਦ ਨੂੰ ਲੋਕ ਹੁਣ ਠੱਗਿਆ ਠੱਗਿਆ ਮਹਿਸੂਸ ਕਰਨ ਲੱਗ ਪਏ ਹਨ।

ਇਨ੍ਹਾਂ ਵਿੱਚੋਂ ਇੱਕ ਅਜਿਹਾ ਵਾਅਦਾ ਕਾਂਗਰਸ ਨੇ ਕੀਤਾ ਸੀ ਜਿਸ ਵਿੱਚ ਗਰੀਬਾਂ ਤੇ ਦਲਿਤਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦੀ ਗੱਲ ਆਖੀ ਗਈ ਸੀ। ਹੁਣ ਸੂਬੇ ਵਿੱਚ ਤਿੰਨ ਸਾਲ ਬੀਤ ਗਏ ਹਨ ਤੇ ਇਨ੍ਹਾਂ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਮਿਲਣ ਦੀ ਉਮੀਦ ਮੱਧਮ ਪੈਣੀ ਸ਼ੁਰੂ ਹੋ ਗਈ ਹੈ। ਹਾਲਾਂਕਿ ਕੁਝ ਲੋਕ ਅਜਿਹੇ ਵੀ ਹਨ ਜੋ ਹਾਲੇ ਵੀ ਉਮੀਦ ਲਾਈ ਬੈਠੇ ਹਨ ਪਰ ਬਹੁਤਿਆਂ ਨੂੰ ਇਹ ਲੱਗਦਾ ਹੈ ਕਿ ਕਿ ਉਹ ਠੱਗੇ ਗਏ ਹਨ।


ਸੱਠ ਸਾਲਾ ਜਗਦੀਸ਼ ਕੁਮਾਰ ਦੇ ਘਰ ਵਿੱਚ ਦਸ ਜੀਅ ਰਹਿੰਦੇ ਹਨ। ਇਹ ਦੱਸ ਜੀਅ ਇੱਕ ਮਰਲੇ ਤੋਂ ਛੋਟੇ ਘਰ ਵਿੱਚ ਰਹਿ ਕੇ ਆਪਣਾ ਗੁਜਾਰਾ ਕਰ ਰਹੇ ਹਨ। ਉਥੇ ਹੀ ਸੌਂਦੇ ਹਨ। ਉੱਥੇ ਹੀ ਖਾਣਾ ਬਣਾਉਂਦੇ ਹਨ ਤੇ ਉਸੇ ਹੀ ਇੱਕ ਮਰਲੇ ਦੇ ਘਰ ਵਿੱਚ ਨਹਾਉਂਦੇ ਤੇ ਬਾਕੀ ਸਾਰਾ ਘਰ ਦਾ ਕੰਮ ਕਰਦੇ ਹਨ। ਆਪਣਾ ਆਧਾਰ ਕਾਰਡ ਦਿਖਾਉਂਦਿਆਂ ਜਗਦੀਸ਼ ਕੁਮਾਰ ਨੇ ਦੱਸਿਆ ਕਿ ਵਾਅਦੇ ਉਨ੍ਹਾਂ ਨਾਲ ਹੋਏ ਸੀ ਕਿ ਕਾਂਗਰਸ ਦੀ ਸਰਕਾਰ ਬਣਦੇ ਹੀ ਉਨ੍ਹਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਮਿਲਣਗੇ। ਉਨ੍ਹਾਂ ਨੂੰ ਵੀ ਆਸ ਸੀ ਕਿ ਉਹ ਘੱਟੋ ਘੱਟ ਆਪਣੇ ਬੱਚਿਆਂ ਲਈ ਇੱਕ ਘਰ ਤਾਂ ਬਣਾ ਸਕਣਗੇ ਪਰ ਹਾਲੇ ਤੱਕ ਉਨ੍ਹਾਂ ਨੂੰ ਘਰ ਨਹੀਂ ਮਿਲਿਆ। ਉਨ੍ਹਾਂ ਨੂੰ ਉਮੀਦ ਵੀ ਟੁੱਟਦੀ ਦਿਖਾਈ ਦਿੰਦੀ ਹੈ ਕਿ ਅਗਲੇ ਦੋ ਸਾਲਾਂ ਵਿੱਚ ਕੈਪਟਨ ਸਰਕਾਰ ਉਨ੍ਹਾਂ ਨੂੰ ਇਹ ਪਲਾਟ ਦੇਵੇਗੀ ਜਾਂ ਨਹੀਂ।

ਆਕਾਸ਼ ਦੇ ਘਰ ਦਾ ਵੀ ਇਹੀ ਹਾਲ ਹੈ। ਅੰਮ੍ਰਿਤਸਰ ਦੇ ਰੀਗੋ ਬ੍ਰਿਜ ਨੇੜੇ ਕੱਚੇ ਘਰਾਂ ਵਿੱਚ ਰਹਿ ਰਿਹਾ ਆਕਾਸ਼ ਅੰਮ੍ਰਿਤਸਰ ਵਿੱਚ ਬੂਟ ਪਾਲਿਸ਼ ਕਰਦਾ ਹੈ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਪਰਿਵਾਰ ਦੇ ਕੁੱਲ ਸੱਤ ਜੀਅ ਹਨ ਜੋ ਇੱਕ ਛੱਤ ਜੋ ਤਰਪਾਲਾਂ ਨਾਲ ਢੱਕੀ ਹੋਈ ਹੈ। ਚਾਰ ਕੰਧਾਂ ਉੱਪਰ ਤਰਪਾਲ ਪਾ ਕੇ ਇਸ ਨੂੰ ਘਰ ਦਾ ਰੂਪ ਦੇ ਕੇ ਰਹਿ ਰਹੇ ਆਕਾਸ਼ ਦੇ ਮਨ ਵਿੱਚ ਨਿਰਾਸ਼ਾ ਹੈ ਕਿ ਸਰਕਾਰ ਨੇ ਵੋਟਾਂ ਤਾਂ ਲੈ ਲਈਆਂ ਤੇ ਸੁਪਨਾ ਦਿਖਾ ਦਿੱਤਾ ਕਿ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣਗੇ ਪਰ ਅਜਿਹਾ ਨਹੀਂ ਹੋਇਆ। ਆਕਾਸ਼ ਦੀ ਭੈਣ ਆਸ਼ਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਦੀ ਬਾਰਸ਼ ਵਿੱਚ ਜੋ ਮੁਸ਼ਕਲਾਂ ਆਉਂਦੀਆਂ ਹਨ, ਉਹ ਸ਼ਬਦਾਂ ਵਿੱਚ ਬਿਆਨ ਕਰਨੀਆਂ ਅਸੰਭਵ ਹਨ।


ਸੁਭਾਸ਼ ਆਪਣੀ ਮਾਤਾ ਧਰਮ ਪਤਨੀ ਤੇ ਚਾਰ ਬੱਚਿਆਂ ਨਾਲ ਅੰਮ੍ਰਿਤਸਰ ਵਿੱਚ ਰਹਿੰਦਾ ਹੈ ਤੇ ਬਹਿਰੂਪੀਏ ਬਣ ਕੇ ਲੋਕਾਂ ਦਾ ਮਨ ਪ੍ਰਚਾਵਾ ਕਰਕੇ ਪਰਿਵਾਰ ਦੀ ਰੋਜ਼ੀ ਰੋਟੀ ਚਲਾਉਂਦਾ ਹੈ। ਸੁਭਾਸ਼ ਦੇ ਹਾਲਾਤ ਅਜਿਹੇ ਹਨ ਕਿ ਜੇਕਰ ਅੱਧਾ ਘੰਟਾ ਬਾਰਸ਼ ਹੋ ਜਾਵੇ ਤਾਂ ਆਪਣੇ ਪਰਿਵਾਰ ਨੂੰ ਲੈ ਕੇ ਉਸ ਨੂੰ ਕਿਸੇ ਸੇਫ ਜਗ੍ਹਾ ਤੇ ਜਾਣਾ ਪੈਂਦਾ ਹੈ। ਸੁਭਾਸ਼ ਤੇ ਉਸ ਦੀ ਮਾਤਾ ਕ੍ਰਿਸ਼ਨਾ ਦਾ ਕਹਿਣਾ ਹੈ ਕਿ ਜੋ ਹਾਲਾਤ ਉਨ੍ਹਾਂ ਦੇ ਨਾਲ ਬੀਤਦੇ ਹਨ, ਉਨ੍ਹਾਂ ਦਾ ਅੰਦਾਜ਼ਾ ਸਰਕਾਰ ਨਹੀਂ ਲਾ ਸਕਦੀ। ਜੇਕਰ ਸਰਕਾਰ ਨੂੰ ਉਨ੍ਹਾਂ ਦੇ ਦੁੱਖਾਂ ਦਾ ਪਤਾ ਹੁੰਦਾ ਤਾਂ ਉਹ ਸਰਕਾਰ ਬਣਾਉਂਦਿਆਂ ਹੀ ਪੰਜ ਪੰਜ ਮਰਲੇ ਦੇ ਪਲਾਟ ਤੇ ਮਕਾਨ ਬਣਾਉਣ ਦੀ ਰਾਸ਼ੀ ਜਾਰੀ ਕਰ ਦਿੰਦੇ।

ਰਾਜ ਰਾਣੀ ਦੇ ਚਾਰ ਪੁੱਤਰ ਹਨ ਤੇ ਚਾਰਾਂ ਹੀ ਪੁੱਤਰਾਂ ਦੇ ਵਿਆਹੇ ਹੋਣ ਕਾਰਨ ਬਾਰਾਂ ਮੈਂਬਰੀ ਪਰਿਵਾਰ ਇੱਕ ਮਰਲੇ ਦੇ ਛੋਟੇ ਜਿਹੇ ਘਰ ਵਿੱਚ ਰਹਿ ਰਿਹਾ ਹੈ। ਰਾਜ ਰਾਣੀ ਨੇ ਦੱਸਿਆ ਕਿ ਉਹ ਜਿਸ ਨਰਕ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ ਤੇ ਕਿਵੇਂ ਆਪਣੀ ਰੋਜ਼ਮਰਾ ਜ਼ਿੰਦਗੀ ਵਿੱਚ ਚੁਣੌਤੀਆਂ ਨੂੰ ਨਿਪਟਦੇ ਹਨ, ਇਹ ਉਨ੍ਹਾਂ ਨੂੰ ਹੀ ਪਤਾ ਹੈ।