ਮਾਨਸਾ: ਐਤਵਾਰ ਦੇ ਦਿਨ ਅੱਜ ਮੂਸਾ ਪਿੰਡ ਵਿੱਚ ਸਿੱਧੂ ਮੂਸੇਵਾਲਾ ਦੇ ਹਜ਼ਾਰਾਂ ਪ੍ਰਸੰਸਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਇਸ ਮੌਕੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕਾਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ੱਕ ਅੱਜ ਉਨ੍ਹਾਂ ਦਾ ਪੁੱਤਰ ਉਨ੍ਹਾਂ ਵਿੱਚ ਮੌਜੂਦ ਨਹੀਂ ਪਰ ਉਨ੍ਹਾਂ ਨੂੰ ਆਪਣੇ ਪੁੱਤਰ ਤੇ ਸਦਾ ਮਾਣ ਰਹੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਸਿੱਧੂ ਨੂੰ ਕੋਈ ਵੀ ਕੁਮੈਂਟਾਂ ਵਿੱਚ ਉਸ ਦੀ ਸ਼ਕਲ ਪ੍ਰਤੀ ਗੱਲ ਕਰਦਾ ਸੀ ਜਾਂ ਫਿਰ ਕਿਸੇ ਤਰ੍ਹਾਂ ਦੇ ਹੋਰ ਕੁਮੈਂਟ ਕਰਦਾ ਸੀ ਤਾਂ ਸਿੱਧੂ ਉਨ੍ਹਾਂ ਦਾ ਜਵਾਬ ਆਪਣੇ ਗੀਤਾਂ ਰਾਹੀਂ ਦਿੰਦਾ ਸੀ।


ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਅਸੀਂ 90 ਦਿਨ ਦਾ ਸਮਾਂ ਦਿੱਤਾ ਸੀ ਜੋ ਬੀਤ ਚੁੱਕਿਆ ਹੈ ਤੇ ਅਜੇ ਤੱਕ ਸਰਕਾਰ ਸਿੱਧੂ ਮੂਸੇਵਾਲਾ ਦੇ ਅਸਲ ਕਾਤਲਾਂ ਨੂੰ ਸਾਹਮਣੇ ਨਹੀਂ ਲਿਆ ਸਕੀ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚਣ ਵਾਲੇ ਵਿਅਕਤੀਆਂ ਨੂੰ ਭਾਰੀ ਸੁਰੱਖਿਆ ਦਿੱਤੀ ਜਾਂਦੀ ਹੈ ਤੇ ਦੋ ਸੌ ਦੇ ਕਰੀਬ ਵਿਅਕਤੀ ਉਸ ਦੀ ਸੁਰੱਖਿਆ ਦੇ ਵਿੱਚ ਹੁੰਦੇ ਹਨ। ਉਨ੍ਹਾਂ ਨੂੰ ਬਖ਼ਤਰਬੰਦ ਗੱਡੀਆਂ ਵਿੱਚ ਲਿਆਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਲੋਕ ਇੱਥੋਂ ਟਿਕਟਾਂ ਲੈ ਕੇ ਵਿਦੇਸ਼ ਚਲੇ ਗਏ ਹਨ ਤੇ ਅਜੇ ਤੱਕ ਉਨ੍ਹਾਂ ਨੂੰ ਵੀ ਪੰਜਾਬ ਸਰਕਾਰ ਹੱਥ ਨਹੀਂ ਪਾ ਸਕੀ। 


ਉਨ੍ਹਾਂ ਕਿਹਾ ਕਿ ਜਦੋਂ ਸਿੱਧੂ ਮੂਸੇਵਾਲਾ ਨੇ ਚੋਣਾਂ ਤੋਂ ਬਾਅਦ ਗੱਦਾਰ ਦੱਸੋ ਕੌਣ ਗੀਤ ਕੱਢਿਆ ਤਾਂ ਪੰਜਾਬ ਦੇ 92 ਦੇ 92 ਵਿਧਾਇਕ ਬੋਲੇ ਪਰ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਘਟਾਉਣ ਸਬੰਧੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਤੇ ਨਾ ਹੀ ਕਿਸੇ ਨੇ ਅੱਜ ਤਕ ਇਸ ਸੰਬੰਧੀ ਆਪਣੀ ਜ਼ੁਬਾਨ ਖੋਲ੍ਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਪਿੰਡ ਵਿੱਚ ਉਨ੍ਹਾਂ ਦੇ ਪ੍ਰਸੰਸਕ ਸਿੱਧੂ ਮੂਸੇਵਾਲਾ ਲਈ ਕੈਂਡਲ ਮਾਰਚ ਕਰਨ ਤੇ ਜੇਕਰ ਉਨ੍ਹਾਂ ਨੂੰ ਇਨਸਾਫ ਲਈ ਸੜਕਾਂ ਤੇ ਬੈਠਣਾ ਪਿਆ ਤਾਂ ਉਹ ਸੜਕਾਂ ਤੇ ਵੀ ਬੈਠਣਗੇ।