Punjab News: ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰ ਫਿਰ ਅੱਤਵਾਦੀ ਗਤੀਵਿਧੀਆਂ ਨੂੰ ਸਰਗਰਮ ਕਰਨ ਦੀ ਕੋਸ਼ਿਸ ਕੀਤੀ ਹੈ। ਇੱਕ ਵੀਡੀਓ ਜਾਰੀ ਕਰ ਪੰਨੂੰ ਨੇ ਪੀਐਮ ਮੋਦੀ ਦੀ ਪੰਜਾਬ ਫੇਰੀ ਨੂੰ ਅਸਫਲ ਕਰਨ ਦੀ ਚੇਤਾਵਨੀ ਦਿੱਤੀ ਹੈ। ਵੀਡੀਓ 'ਚ ਪੰਨੂੰ ਨੇ ਕਿਹਾ ਕਿ ਪੰਜਾਬ 'ਚ ਸਭ ਤੋਂ ਵੱਡਾ ਕੈਂਸਰ ਗੁਲਾਮੀ ਦਾ ਹੈ ਤੇ ਇਸ ਨੂੰ ਰੈਫਰੈਂਡਮ ਨਾਲ ਖਤਮ ਕੀਤਾ ਜਾਵੇਗਾ।
ਦੱਸ ਦਈਏ ਕਿ 24 ਅਗਸਤ ਨੂੰ ਪੀਐਮ ਮੋਦੀ ਵੱਲੋਂ ਮੋਹਾਲੀ ਦੇ ਮੁੱਲਾਂਪੁਰ 'ਚ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਉਦਘਾਟਨ ਕੀਤਾ ਜਾਣਾ ਹੈ ਤੇ ਪੰਨੂੰ ਨੇ ਵੀਡੀਓ 'ਚ ਦੱਸਿਆ ਕਿ ਰੈਫਰੈਂਡਮ 2020 ਦੇ ਕਾਰਕੁਨ ਮੋਹਾਲੀ ਪਹੁੰਚ ਚੁੱਕੇ ਹਨ ਜਿਨ੍ਹਾਂ ਵੱਲੋਂ ਇਸ ਹਸਪਤਾਲ ਦੀਆਂ ਕੰਧਾਂ 'ਤੇ ਖਾਲਿਸਤਾਨ ਤੇ ਰੈਫਰੈਂਡਮ ਲਈ ਪੋਸਟਰ ਲਗਾ ਦਿੱਤੇ ਹਨ ਤੇ ਉਸ ਨੇ ਖਾਲਿਸਤਾਨ ਪੱਖੀ ਲੋਕਾਂ ਨੂੰ 24 ਅਗਸਤ ਨੂੰ ਕੇਸਰੀ ਝੰਡੇ ਲੈ ਕੇ ਇਕੱਠੇ ਹੋਣ ਦੀ ਅਪੀਲ ਵੀ ਕੀਤੀ। ਉਸ ਨੇ ਕਿਹਾ ਕਿ ਪਿਛਲੀ ਵਾਰ ਵੀ ਪੀਐੱਮ ਮੋਦੀ ਨੂੰ ਮੋੜਿਆ ਸੀ ਤੇ 24 ਅਗਸਤ ਨੂੰ ਵੀ ਮੋੜਾਂਗੇ।
ਇਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਮੋਹਾਲੀ 'ਚ 7 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।
ਦੱਸ ਦੇਈਏ ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤ 'ਚ ਖਾਲਿਸਤਾਨੀ ਲਹਿਰ ਦਾ ਲੱਕ ਤੋੜਨ ਲਈ ਪੂਰੀ ਤਿਆਰੀ ਕਰ ਲਈ ਹੈ। ਇਹ ਕੰਮ ਪੰਜ ਕੇਂਦਰੀ ਏਜੰਸੀਆਂ ਨੂੰ ਦਿੱਤਾ ਗਿਆ ਹੈ। ਇਹ ਵਿਸ਼ੇਸ਼ ਮੁਹਿੰਮ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਛੇ ਰਾਜਾਂ ਵਿੱਚ ਸ਼ੁਰੂ ਹੋਵੇਗੀ। ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦਾ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਜੂਨ ਮਹੀਨੇ ਅਮਰੀਕਾ ਤੋਂ ਪਾਕਿਸਤਾਨ ਆਇਆ ਸੀ।
ਲਾਹੌਰ ਵਿੱਚ ਪੰਨੂੰ ਨੇ ਮੀਡੀਆ ਨੂੰ ਖਾਲਿਸਤਾਨ ਦਾ ਨਵਾਂ ਨਕਸ਼ਾ ਪੇਸ਼ ਕੀਤਾ। ਉਸ ਨਕਸ਼ੇ ਵਿੱਚ ‘ਸ਼ਿਮਲਾ’ ਨੂੰ ਖਾਲਿਸਤਾਨ ਦੀ ‘ਭਵਿੱਖ ਦੀ ਰਾਜਧਾਨੀ’ ਦੱਸਿਆ ਗਿਆ ਹੈ। ਪੰਨੂ ਨੇ ਪੰਜਾਬ ਸਮੇਤ ਕਈ ਰਾਜਾਂ ਵਿੱਚ ‘ਰੈਫਰੈਂਡਮ’ ਕਰਵਾਉਣ ਦੀਆਂ ਤਰੀਕਾਂ ਦਾ ਐਲਾਨ ਵੀ ਕੀਤਾ ਸੀ। ਦਿੱਲੀ, ਪੰਜਾਬ, ਹਰਿਆਣਾ, ਯੂਪੀ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਆਈਬੀ, ਐਨਆਈਏ, ਈਡੀ, ਰਾਅ ਅਤੇ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਸਬੰਧਤ ਰਾਜਾਂ ਦੀ ਪੁਲੀਸ ਦੇ ਸਹਿਯੋਗ ਨਾਲ ਇਹ ਕਾਰਵਾਈ ਕਰਨਗੇ।