India-Canada Tensions: ਕੈਨੇਡਾ ਨੇ ਸੋਮਵਾਰ ਨੂੰ ਇੱਕ ਚੋਟੀ ਦੇ ਭਾਰਤੀ ਡਿਪਲੋਮੈਟ ਨੂੰ ਦੇਸ਼ ਛੱਡਣ ਲਈ ਕਿਹਾ। ਕੈਨੇਡਾ ਨੇ ਇਹ ਕਦਮ ਉਦੋਂ ਚੁੱਕਿਆ ਹੈ ਜਦੋਂ ਉਸ ਨੇ ਭਾਰਤ 'ਤੇ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਏਜੰਟਾਂ ਨੇ ਉਨ੍ਹਾਂ ਦੇ ਦੇਸ਼ ਵਿੱਚ ਦਾਖਲ ਹੋ ਕੇ ਖਾਲਿਸਤਾਨੀ ਨੂੰ ਮਾਰ ਦਿੱਤਾ ਹੈ। ਜਵਾਬੀ ਕਾਰਵਾਈ ਵਿੱਚ ਭਾਰਤ ਨੇ ਵੀ ਕੈਨੇਡੀਅਨ ਡਿਪਲੋਮੈਟ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ।


ਦਰਅਸਲ, ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਹਰਦੀਪ ਸਿੰਘ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਸਾਲ 18 ਜੂਨ ਨੂੰ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਕਤਲ ਤੋਂ ਬਾਅਦ ਕੈਨੇਡਾ ਵਿੱਚ ਖਾਲਿਸਤਾਨ ਪੱਖੀ ਜਥੇਬੰਦੀਆਂ ਨੇ ਭਾਰਤ ਵੱਲ ਉਂਗਲਾਂ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਇਹੀ ਕਾਰਨ ਹੈ ਕਿ ਟਰੂਡੋ ਨੇ ਕਿਹਾ, 'ਕਿਸੇ ਵੀ ਵਿਦੇਸ਼ੀ ਸਰਕਾਰ ਦਾ ਕੈਨੇਡਾ ਦੀ ਧਰਤੀ 'ਤੇ ਕਿਸੇ ਕੈਨੇਡੀਅਨ ਨਾਗਰਿਕ ਦੇ ਕਤਲ 'ਚ ਸ਼ਾਮਲ ਹੋਣਾ ਸਾਡੀ ਪ੍ਰਭੂਸੱਤਾ ਦੀ ਉਲੰਘਣਾ ਹੈ।' ਅਜਿਹੇ 'ਚ ਆਓ ਜਾਣਦੇ ਹਾਂ ਕੌਣ ਸੀ ਹਰਦੀਪ ਸਿੰਘ ਨਿੱਝਰ?


ਕੌਣ ਸੀ ਹਰਦੀਪ ਸਿੰਘ ਨਿੱਝਰ?


ਪੰਜਾਬ ਪੁਲਿਸ ਮੁਤਾਬਕ, ਹਰਦੀਪ ਸਿੰਘ ਨਿੱਝਰ ਜਲੰਧਰ ਦੇ ਪਿੰਡ ਭਾਰਸਿੰਘ ਪੁਰਾ ਦਾ ਰਹਿਣ ਵਾਲਾ ਸੀ। ਉਹ 1996 ਵਿੱਚ ਕੈਨੇਡਾ ਚਲਾ ਗਿਆ। ਕੈਨੇਡਾ ਪਹੁੰਚ ਕੇ ਨਿੱਝਰ ਨੇ ਪਲੰਬਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। ਉਂਜ ਉਸ ਦੀ ਇਸ ਕੰਮ ਵਿੱਚ ਕੋਈ ਦਿਲਚਸਪੀ ਨਹੀਂ ਸੀ ਕਿਉਂਕਿ ਉਸ ਦੀ ਖ਼ਾਲਿਸਤਾਨੀ ਸਰਗਰਮੀਆਂ ਵਿਚ ਜ਼ਿਆਦਾ ਦਿਲਚਸਪੀ ਸੀ। ਇਹੀ ਕਾਰਨ ਸੀ ਕਿ ਉਹ ਸਿੱਖ ਵੱਖਵਾਦੀ ਗਰੁੱਪ ‘ਸਿੱਖ ਫਾਰ ਜਸਟਿਸ’ (ਐਸਜੇਐਫ) ਵਿੱਚ ਸ਼ਾਮਲ ਹੋ ਗਿਆ।  ਗੁਰਪਤਵੰਤ ਸਿੰਘ ਪੰਨੂ ਤੋਂ ਬਾਅਦ ਨਿੱਝਰ SJF ਦਾ ਦੂਜਾ ਆਗੂ ਸੀ। ਪਿਛਲੇ ਕੁਝ ਸਾਲਾਂ 'ਚ ਉਨ੍ਹਾਂ ਦਾ ਨਾਂ ਤੇਜ਼ੀ ਨਾਲ ਚਰਚਾ 'ਚ ਆਉਣ ਲੱਗਾ। ਨਿੱਝਰ ਦੀਆਂ ਖਾਲਿਸਤਾਨੀ ਗਤੀਵਿਧੀਆਂ ਦੀ ਸ਼ੁਰੂਆਤ ਜਗਤਾਰ ਸਿੰਘ ਤਾਰਾ ਦੀ ਅਗਵਾਈ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੈਂਬਰ ਬਣਨ ਨਾਲ ਹੋਈ ਸੀ। ਬਾਅਦ ਵਿੱਚ ਉਸਨੇ ‘ਖਾਲਿਸਤਾਨ ਟਾਈਗਰ ਫੋਰਸ’ (ਕੇ.ਟੀ.ਐਫ.) ਵਜੋਂ ਆਪਣਾ ਇੱਕ ਗਰੁੱਪ ਬਣਾਇਆ।


ਨਵੰਬਰ 2020 ਵਿੱਚ, ਨਿੱਝਰ ਨੇ ਸਾਥੀ ਗੈਂਗਸਟਰ ਅਰਸ਼ ਡੱਲਾ ਨਾਲ ਹੱਥ ਮਿਲਾਇਆ। ਅਰਸ਼ ਵੀ ਵਿਦੇਸ਼ ਵਿੱਚ ਰਹਿ ਰਿਹਾ ਸੀ। ਇਨ੍ਹਾਂ ਨੇ ਮਿਲ ਕੇ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਮਨੋਹਰ ਲਾਲ ਦਾ ਕਤਲ ਕਰਵਾਇਆ ਸੀ। ਇਹ ਕਤਲ 2021 ਵਿੱਚ ਬਠਿੰਡਾ ਵਿੱਚ ਹੋਇਆ ਸੀ।