ਅੰਮ੍ਰਿਤਸਰ: ਬਾਦਲ ਪਰਿਵਾਰ ਦੀ ਮਾਲਕੀ ਵਾਲੇ ਟੀਵੀ ਚੈਨਲ ਨੂੰ ਹੀ ਗੁਰਬਾਣੀ ਦੇ ਪ੍ਰਸਾਰਨ ਤੇ ਹੁਕਮਨਾਮੇ ਦੇ ਅਧਿਕਾਰਾਂ ਦਾ ਮਾਮਲਾ ਕਾਫੀ ਭਖ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਪੁੱਜੀਆਂ ਵੱਡੀ ਗਿਣਤੀ ਸ਼ਿਕਾਇਤਾਂ ਮਗਰੋਂ ਆਖਰ ਇਸ ਵਿਵਾਦ ਨੂੰ ਗੰਭੀਰਤਾ ਨਾਲ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਾਈਵੇਟ ਚੈਨਲ ਤੇ ਐਸਜੀਪੀਸੀ ਨੂੰ ਇਸ ਸਬੰਧੀ ਦਸਤਾਵੇਜ਼ਾਂ ਬਾਰੇ ਵੇਰਵੇ ਭੇਜਣ ਦੇ ਆਦੇਸ਼ ਦਿੱਤੇ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੂਤਰਾਂ ਅਨੁਸਾਰ ਇਸ ਵਿਵਾਦ ਸਬੰਧੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੋਵਾਂ ਧਿਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਮੁੱਚੀ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਭੇਜਣ। ਇਸ ਵਿਵਾਦ ਨੂੰ ਲੈ ਕੇ ਸਿੱਖ ਸੰਗਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦੇ ਆਧਾਰ ’ਤੇ ਉਨ੍ਹਾਂ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ।

ਲੋਕ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੀਟੀਸੀ ਚੈਨਲ ਅਧਿਕਾਰਾਂ ਸਬੰਧੀ ਗ਼ਲਤ ਦਾਅਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਕੋਲ ਗੁਰਬਾਣੀ ਨੂੰ ਵੇਚਣ ਦਾ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਗੁਰਬਾਣੀ ਹਰ ਮਨੁੱਖ ਮਾਤਰ ਤਕ ਪੁਚਾਉਣ ਦੇ ਘਰ-ਘਰ ਅੰਦਰ ਧਰਮਸਾਲ ਦੇ ਉਪਦੇਸ਼ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ’ਤੇ ਰੋਕ ਲਾਉਣ ਦੀ ਇਹ ਮੰਦਭਾਗੀ ਕੋਸ਼ਿਸ਼ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਗੁਰਬਾਣੀ ਵੇਚਣ ਦੀਆਂ ਕੋਸ਼ਿਸ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਤੇ ਉਹ ਸੰਗਤ ਨੂੰ ਇਸ ਕਾਰਵਾਈ ਖ਼ਿਲਾਫ਼ ਜਾਗਰੂਕ ਕਰਨ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਵੀ ਕਰਨਗੇ। ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਸਵੇਰ ਦੇ ਹੁਕਮਨਾਮੇ ਦੇ ਪ੍ਰਸਾਰਨ ’ਤੇ ਪੀਟੀਸੀ ਨੈੱਟਵਰਕ ਵੱਲੋਂ ਆਪਣਾ ਹੱਕ ਜਤਾਏ ਜਾਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਸ਼ਬਦ ਸਿੱਖ ਚੇਤਨਾ ਲਈ ਅਧਿਆਤਮਿਕ ਪ੍ਰੇਰਣਾ ਤੇ ਸਿੱਖ ਦੀ ਕੁਲ ਰਚਨਾ ਦਾ ਬੁਨਿਆਦੀ ਸਰੋਤ ਹੈ। ਇਸ ਲਈ ਇਸ ’ਤੇ ਕਿਸੇ ਦਾ ਨਿੱਜੀ ਅਧਿਕਾਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪ੍ਰਸਾਰਣ ਸਬੰਧੀ ਹੋਏ ਸਮਝੌਤੇ ਨੂੰ ਜਨਤਕ ਕਰਨਾ ਚਾਹੀਦਾ ਹੈ।