ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਲਈ ਕਾਂਗਰਸ ਨੇ ਪੰਜਾਬ ਦੀਆਂ ਛੇ ਲੋਕ ਸਭਾ ਸੀਟਾਂ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ, ਮੰਗਲਵਾਰ ਸ਼ਾਮ ਹੋਈ ਕੇਂਦਰੀ ਚੋਣ ਕਮੇਟੀ ਦੀ ਬੈਠਕ ਵਿੱਚ ਵਿਚਾਰ ਚਰਚਾ ਸਾਰੀਆਂ ਸੀਟਾਂ 'ਤੇ ਹੋਈ, ਪਰ ਅੱਠ ਸੀਟਾਂ 'ਤੇ ਕਮੇਟੀ ਦੀ ਆਪਸੀ ਸਹਿਮਤੀ ਨਾ ਬਣਨ ਕਾਰਨ ਇਨ੍ਹਾਂ 'ਤੇ ਫੈਸਲਾ ਨਹੀਂ ਲਿਆ ਗਿਆ।


40 ਮਿੰਟ ਤਕ ਚੱਲੀ ਬੈਠਕ ਵਿੱਚ ਸਭ ਤੋਂ ਸੌਖਾ ਫੈਸਲਾ ਹੁਸ਼ਿਆਰਪੁਰ ਸੀਟ ਦਾ ਹੋਇਆ, ਜਿੱਥੋਂ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੂੰ ਕਾਂਗਰਸ ਨੇ ਲੋਕ ਸਭਾ ਟਿਕਟ ਦੇ ਦਿੱਤੀ। ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦਾ ਨਾਂ ਵੀ ਆਸਾਨੀ ਨਾਲ ਤੈਅ ਹੋ ਗਿਆ। ਇਸ ਤੋਂ ਬਾਅਦ ਮੌਜੂਦਾ ਸੰਸਦ ਮੈਂਬਰਾਂ ਨੂੰ ਪਾਰਟੀ ਨੇ ਮੌਕਾ ਦੇਣ ਦੀ ਸੋਚੀ। ਇਸੇ ਲਈ ਗੁਰਦਾਸਪੁਰ ਤੋਂ ਸੁਨੀਲ ਜਾਖੜ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਤੇ ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ।

ਇਨ੍ਹਾਂ ਸੀਟਾਂ 'ਤੇ ਕੋਈ ਵਿਵਾਦ ਨਹੀਂ ਸੀ, ਪਰ ਅੰਮ੍ਰਿਤਸਰ ਸੀਟ ਨੇ ਕਮੇਟੀ ਦਾ ਕਾਫੀ ਸਮਾਂ ਲਿਆ ਪਰ ਡਾ. ਮਨਮੋਹਨ ਸਿੰਘ ਨੇ ਆਪਣਾ ਵੀਟੋ ਪਾਵਰ ਵਰਤਦਿਆਂ ਗੁਰਜੀਤ ਔਜਲਾ ਨੂੰ ਟਿਕਟ ਦਿਵਾ ਦਿੱਤੀ। ਪੰਜਾਬ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਸਥਾਨਕ ਵਿਧਾਇਕਾਂ ਨਾਲ ਮੱਤਭੇਦ ਕਾਰਨ ਗੁਰਜੀਤ ਔਜਲਾ ਦੇ ਪੱਖ ਵਿੱਚ ਨਹੀਂ ਸਨ ਤਾਂ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀਂ ਵਿਧਾਇਕਾਂ ਦੇ ਗਿਲੇ-ਸ਼ਿਕਵੇ ਦੂਰ ਕਰਵਾਓ ਤੇ ਰਾਹੁਲ ਗਾਂਧੀ ਨੇ ਵੀ ਉਨ੍ਹਾਂ ਨਾਲ ਸਹਿਮਤੀ ਜਤਾਈ।

ਇਸ ਤੋਂ ਬਾਅਦ ਪੰਜਾਬ ਦੀਆਂ ਬਾਕੀ ਸੀਟਾਂ ਲਈ ਪਾਰਟੀ ਨੂੰ ਉਮੀਦਵਾਰਾਂ ਦੀ ਚੋਣ ਕਰਨੀ ਮੁਸ਼ਕਲ ਹੋ ਰਹੀ ਸੀ। ਇਸ ਦੇ ਨਾਲ ਹੀ ਕਾਂਗਰਸ ਪੰਜਾਬ ਵਿੱਚ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਐਲਾਨ ਮਗਰੋਂ ਹੀ ਆਪਣੇ ਪੱਤੇ ਖੋਲ੍ਹਣਾ ਚਾਹੁੰਦੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਬਠਿੰਡਾ ਸੀਟ ਦੀ ਹੈ। ਇੱਥੋਂ ਅਕਾਲੀ ਦਲ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੱਲੋਂ ਚੋਣ ਲੜਨਾ ਤਕਰੀਬਨ ਤੈਅ ਹੈ, ਪਰ ਕਾਂਗਰਸ ਨੂੰ ਉਨ੍ਹਾਂ ਨੂੰ ਟੱਕਰ ਵਾਲਾ ਯੋਗ ਉਮੀਦਵਾਰ ਨਹੀਂ ਮਿਲ ਰਿਹਾ ਹੈ।

ਕਿਆਸ ਸਨ ਕਿ ਪਾਰਟੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਹਰਸਿਮਰਤ ਖ਼ਿਲਾਫ਼ ਉਤਾਰ ਸਕਦੇ ਹਨ। ਪਰ ਸਿੱਧੂ ਨੇ ਚੰਡੀਗੜ੍ਹ ਸੀਟ ਮੰਗੀ ਸੀ ਅਤੇ ਪਾਰਟੀ ਨੇ ਉੱਥੋਂ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਟਿਕਟ ਦੇ ਦਿੱਤੀ। ਹੁਣ ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਉਹ ਕਿਤੋਂ ਹੋਰ ਨਹੀਂ ਲੜਨਾ ਚਾਹੁੰਦੀ।

ਇਸ ਤੋਂ ਇਲਾਵਾ ਪਾਰਟੀ ਲਈ ਸੰਗਰੂਰ ਸੀਟ ਵੀ ਟੇਢੀ ਖੀਰ ਜਾਪਦੀ ਹੈ। ਭਗਵੰਤ ਮਾਨ ਖ਼ਿਲਾਫ਼ ਉਤਾਰਨ ਲਈ ਪਾਰਟੀ ਕੋਲ ਸਾਬਕਾ ਸੰਸਦ ਮੈਂਬਰ ਵਿਜੈ ਇੰਦਰ ਸਿੰਗਲਾ ਵਿਕਲਪ ਵਜੋਂ ਮੌਜੂਦ ਸਨ, ਪਰ ਉਨ੍ਹਾਂ ਪੰਜਾਬ ਵਜ਼ਾਰਤ ਵਿੱਚ ਹੋਣ ਕਰਕੇ ਲੋਕ ਸਭਾ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਕੈਪਟਨ ਇੱਥੋਂ ਕੇਵਲ ਢਿੱਲੋਂ ਦਾ ਸਮਰਥਨ ਕਰ ਰਹੇ ਸਨ, ਪਰ ਪਾਰਟੀ ਨੇ ਹਾਲੇ ਇਸ 'ਤੇ ਕੋਈ ਫੈਸਲਾ ਨਹੀਂ ਲਿਆ।

ਕੈਪਟਨ ਨੇ ਖਡੂਰ ਸਾਹਿਬ ਤੋਂ ਜਸਬੀਰ ਡਿੰਪਾ, ਫ਼ਿਰੋਜ਼ਪੁਰ ਤੋਂ ਰਾਣਾ ਗੁਰਮੀਤ ਸੋਢੀ ਦਾ ਸਮਰਥਨ ਵੀ ਕੀਤਾ ਪਰ ਪਾਰਟੀ ਨੇ ਫ਼ਿਰੋਜ਼ਪੁਰ ਤੋਂ ਮੌਜੂਦਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਤੇ ਉਨ੍ਹਾਂ ਦਾ ਉੱਥੇ ਖਾਸਾ ਆਧਾਰ ਵੀ ਹੈ, ਜਿਸ ਕਾਰਨ ਇਹ ਸੀਟ ਵੀ ਪੈਂਡਿੰਗ ਦੇ ਖਾਤੇ ਚਲੀ ਗਈ।

ਸ੍ਰੀ ਅਨੰਦਪੁਰ ਸਾਹਿਬ ਵਿੱਚ ਕਾਂਗਰਸ ਦੀ ਸੂਬਾ ਤੇ ਕੌਮੀ ਇਕਾਈ ਦੇ ਅੰਕੜੇ ਉਲਝ ਗਏ। ਪੰਜਾਬ ਕਾਂਗਰਸ ਦਾ ਤਰਕ ਹੈ ਕਿ ਅਨੰਦਪੁਰ ਸਾਹਿਬ ਹਿੰਦੂ ਸੀਟ ਹੈ, ਜਦਕਿ ਏਆਈਸੀਸੀ ਦੇ ਅੰਕੜੇ ਕੁਝ ਹੋਰ ਕਹਿ ਰਹੇ ਹਨ। ਕੈਪਟਨ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਦਾ ਨਾਂ ਸੁਝਾਇਆ ਪਰ ਪਾਰਟੀ ਨੇ ਉਨ੍ਹਾਂ ਵੱਲੋਂ ਸਾਲ 2014 ਦੀਆਂ ਚੋਣਾਂ ਨਾ ਲੜਨ ਕਾਰਨ ਇਸ ਵਾਰ ਚੰਡੀਗੜ੍ਹ ਤੋਂ ਵੀ ਟਿਕਟ ਨਾ ਦਿੱਤੀ। ਪਾਰਟੀ ਆਪਣੀ ਅਗਲੀ ਬੈਠਕ ਵਿੱਚ ਪੰਜਾਬ ਦੀਆਂ ਬਾਕੀ ਅੱਠ ਸੀਟਾਂ 'ਤੇ ਉਮੀਦਵਾਰਾਂ ਨੂੰ ਉਤਾਰ ਸਕਦੀ ਹੈ।