ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੋਧੀਆਂ ਦੇ ਨਾਲ-ਨਾਲ ਆਪਣਿਆਂ ਦੇ ਹੀ ਨਿਸ਼ਾਨਿਆਂ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦੇ ਹਾਊਸਿੰਗ ਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਮਾਲ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਸਣੇ ਕਈ ਕਾਂਗਰਸੀ ਲੀਡਰਾਂ ਨੇ ਤਾਂ ਸਿੱਧੂ ਤੋਂ ਅਸਤੀਫ਼ਾ ਹੀ ਮੰਗ ਲਿਆ। ਪੰਜਾਬ ਦੇ ਕਾਂਗਰਸੀ ਮੰਤਰੀ ਮੰਤਰੀ ਅਕਸਰ ਹੀ ਸਿੱਧੂ ਤੋਂ ਖਫਾ ਰਹਿੰਦੇ ਹਨ। ਚਾਹੇ ਨਾਜਾਇਜ਼ ਕਾਲੋਨੀਆਂ ਦਾ ਮਾਮਲਾ ਹੋਏ, ਚਾਹੇ ਨਾਜਾਇਜ਼ ਮਾਇਨਿੰਗ ਜਾਂ ਫਿਰ ਕੇਬਲ ਮਾਫੀਆ ਦਾ ਸਿੱਧੂ ਦਾ ਵਿਰੋਧ ਆਪਣਿਆਂ ਨੇ ਹੀ ਕੀਤਾ ਹੈ। ਤਾਜ਼ਾ ਮਾਮਲਾ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਲਈ ਪਾਕਿਸਤਾਨ ਜਾਣ ਦਾ ਹੈ। ਕਾਂਗਰਸੀ ਮੰਤਰੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਕਣ ਦੇ ਬਾਵਜੂਦ ਸਿੱਧੂ ਸਰਹੱਦ ਪਾਰ ਚਲੇ ਗਏ। ਉਲਟਾ ਵਾਪਸ ਆ ਕੇ ਉਹ ਕਹਿ ਰਹੇ ਹਨ ਕਿ ਉਨ੍ਹਾਂ ਦੇ ਕੈਪਟਨ ਤਾਂ ਰਾਹੁਲ ਗਾਂਧੀ ਹਨ। ਸਿੱਧੂ ਦੇ ਬਿਆਨ ਮਗਰੋਂ ਕਾਂਗਰਸੀ ਮੰਤਰੀਆਂ ਨੇ ਇੱਕਸੁਰ ਵਿੱਚ ਕਿਹਾ ਹੈ ਕਿ ਜੇਕਰ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਟੀਮ ਦਾ ਕੈਪਟਨ ਨਹੀਂ ਮੰਨਦੇ ਤਾਂ ਉਹ ਟੀਮ ਤੋਂ ਅਲਹਿਦਾ ਹੋਣ ਲਈ ਆਜ਼ਾਦ ਹਨ। ਉਧਰ, ਚਰਚਾ ਹੈ ਕਿ ਸੋਮਵਾਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਵੀ ਸਿੱਧੂ ਨੂੰ ਘੇਰਨ ਦੀ ਰਣਨੀਤੀ ਘੜੀ ਜਾ ਰਹੀ ਹੈ। ਦਰਅਸਲ ਨਵਜੋਤ ਸਿੱਧੂ ਨੂੰ ਕਾਂਗਰਸ ਵਿੱਚ ਆਏ ਸਿਰਫ ਦੋ ਸਾਲ ਹੀ ਹੋਏ ਹਨ ਪਰ ਪਾਰਟੀ ਦੇ ਬਹੁਤੇ ਲੀਡਰ ਉਨ੍ਹਾਂ ਸਾਹਮਣੇ ਆਪਣੇ-ਆਪ ਨੂੰ ਬੌਣੇ ਮਹਿਸੂਸ ਕਰਦੇ ਹਨ। ਉਨ੍ਹਾਂ ਦੇ ਸਾਥੀ ਮੰਤਰੀਆਂ ਨੇ ਚਾਹੇ ਕੈਬਨਿਟ ਵਿੱਚ ਉਨ੍ਹਾਂ ਦੀ ਬਹੁਤੀ ਨਹੀਂ ਚੱਲ਼ਣ ਦਿੱਤੀ ਪਰ ਉਹ ਹਰ ਮੁੱਦੇ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ਼ ਖਿੱਚ ਹੀ ਲੈਂਦੇ ਹਨ। ਇਹੀ ਕਾਰਨ ਹੈ ਕੇ ਪਿਛਲੇ ਸਮੇਂ ਦੌਰਾਨ ਸਿੱਧੂ ਨੂੰ ਖੁੱਡੇ ਲਾਉਣ ਦੀਆਂ ਤਿਆਰੀਆਂ ਚੱਲ਼ ਰਹੀਆਂ ਸੀ। ਅਚਾਨਕ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਟਾਰ ਪ੍ਰਚਾਰਕ ਵਜੋਂ ਜ਼ਿੰਮੇਵਾਰੀ ਮਿਲਣੀ ਤੇ ਭਾਰਤ-ਪਾਕਿ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਐਲਾਨ ਕਰਨ ਨਾਲ ਸਿੱਧੂ ਫਿਰ ਹੀਰੋ ਬਣ ਗਏ। ਲੱਖ ਸਿਆਸਤ ਦੇ ਬਾਵਜੂਦ ਸਿੱਖਾਂ ਵਿੱਚ ਸਪਸ਼ਟ ਸੰਕੇਤ ਗਿਆ ਹੈ ਕਿ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਸ਼ੁਰੂਆਤ ਨਵਜੋਤ ਸਿੱਧੂ ਨੇ ਪਾਕਿਸਤਾਨ ਜਾ ਕੇ ਹੀ ਕੀਤੀ ਸੀ। ਉਧਰ, ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਸਿੱਧੂ ਨੇ ਅਜਿਹਾ ਜਲਵਾ ਵਿਖਾਇਆ ਕਿ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਣੇ ਹੋਰ ਸੀਨੀਅਰ ਲੀਡਰਾਂ ਨੂੰ ਚੋਣ ਪ੍ਰਚਾਰ ਲਈ ਬਹੁਤੀ ਤਰਜੀਹ ਨਹੀਂ ਦਿੱਤੀ। ਇਨ੍ਹਾਂ ਰਾਜਾਂ ਵਿੱਚ ਸਿੱਧੂ ਦੀਆਂ ਰੈਲੀਆਂ ਦੀ ਮੰਗ ਕਾਫੀ ਹੈ। ਬਹੁਤੇ ਉਮੀਦਵਾਰ ਪੰਜਾਬ ਦੇ ਹੋਰ ਲੀਡਰਾਂ ਦੀ ਬਜਾਏ ਸਿੱਧੂ ਨੂੰ ਰੈਲੀਆਂ ਵਿੱਚ ਬੁਲਾਉਣ ਨੂੰ ਤਰਜੀਹ ਦੇ ਰਹੇ ਹਨ। ਇਸ ਸਾਰੇ ਕਾਸੇ ਤੋਂ ਪੁਰਾਣੀ ਕਾਂਗਰਸੀ ਕਾਫੀ ਖਫਾ ਹਨ।