Lok Sabha Election: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੈਂਗਸਟਰ ਜੈਪਾਲ ਸਿੰਘ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਬਾਅਦ ਭੁਪਿੰਦਰ ਭੁੱਲਰ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਤਾਂ ਖ਼ਤਮ ਹੋ ਗਿਆ ਹੈ ਉਹ ਇਸ ਲਈ ਸਿਆਸਤ ਵਿੱਚ ਆਏ ਹਨ ਤਾਂ ਕਿ ਕਿਸੇ ਹੋਰ ਦਾ ਪਰਿਵਾਰ ਨਾ ਖ਼ਤਮ ਹੋਵੇ।
ਲੋਕ ਸਭਾ ਵਿੱਚ ਕੀ ਚੁੱਕੇ ਜਾਣਗੇ ਮੁੱਦੇ ?
ਦਰਅਸਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭੁਪਿੰਦਰ ਸਿੰਘ ਭੁੱਲਰ ਨੂੰ ਫਿਰੋਜ਼ਪੁਰ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ ਜਿਸ ਤੋੰ ਬਾਅਦ ਉਨ੍ਹਾਂ ਨੇ ਮੀਡੀਆ ਦੇ ਮੁਖਾਤਬ ਹੁੰਦਿਆਂ ਹਰ ਸਵਾਲ ਦਾ ਜਵਾਬ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਸਰਹੱਦ ਖੁੱਲ੍ਹਵਾਉਣ, ਇੰਡਸਟਰੀ ਲਿਆਉਣ ਤੇ ਨਸ਼ੇ ਨੂੰ ਖ਼ਤਮ ਕਰਨ ਲਈ ਆਵਾਜ਼ ਲੋਕ ਸਭਾ ਚੁੱਕਣਗੇ।
ਸਾਡਾ ਪਰਿਵਾਰ ਖ਼ਤਮ ਹੋ ਗਿਆ ਪਰ ਕਿਸੇ ਹੋਰ ਦਾ ਨਾ ਹੋਵੇ
ਉਮੀਦਵਾਰ ਭੁੱਲਰ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਤਾਂ ਖ਼ਤਮ ਹੋ ਗਿਆ ਹੈ ਪਰ ਕਿਸੇ ਹੋਰ ਦਾ ਪਰਿਵਾਰ ਇੰਝ ਖ਼ਰਾਬ ਨਾ ਹੋਵੇ ਇਸ ਲਈ ਉਹ ਸਿਆਸਤ ਵਿੱਚ ਆਏ ਹਨ। ਉਨ੍ਹਾਂ ਦੱਸਿਆ ਕਿ ਜੈਪਾਲ ਇੱਕ ਚੰਗਾ ਖਿਡਾਰੀ ਸੀ ਤੇ ਉਸ ਨੂੰ ਗੈਂਗਸਟਰ ਕਹਿਕੇ ਮਾਰ ਦਿੱਤਾ ਗਿਆ ਹੈ। ਜਦੋਂ ਕਿ ਉਨ੍ਹਾਂ ਦਾ ਦੂਜਾ ਪੁੱਤ ਅਜੇ ਵੀ ਜੇਲ੍ਹ ਵਿੱਚ ਹੈ ਤੇ ਉਸ ਉੱਤੇ ਨਜਾਇਜ਼ ਪਰਚੇ ਪਾਏ ਗਏ ਹਨ।
ਜ਼ਿਕਰ ਕਰ ਦਈਏ ਕਿ 8 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ ਕੀਤਾ ਹੈ ਜਿਸ ਵਿੱਚ ਅੰਮ੍ਰਿਤਸਰ ਤੋਂ ਈਮਾਨ ਸਿੰਘ ਮਾਨ, ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਅਤੇ ਫਿਰੋਜ਼ਪੁਰ ਤੋਂ ਭੁਪਿੰਦਰ ਸਿੰਘ ਭੁੱਲਰ ਨੂੰ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ।