ਪੰਜਾਬ ਸਰਕਾਰ ਵੱਲੋਂ ਬਣਾਈ ਜਾਂਚ ਟੀਮ ਆਪਣੇ ਪੱਧਰ 'ਤੇ ਜਾਂਚ ਕਰ ਰਹੀ ਹੈ। ਇਸ ਸਬੰਧੀ ਟੀਮ ਦੇ ਮੁਖੀ ਕਮਿਸ਼ਨਰ ਬੀ ਪੁਰੂਸ਼ਾਰਥ ਨੇ ਨਵਜੋਤ ਕੌਰ ਸਿੱਧੂ ਤੇ ਉਨ੍ਹਾਂ ਦੇ ਪਤੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੰਮਨ ਕੀਤਾ ਸੀ। ਹਾਈਕੋਰਟ ਵੱਲੋਂ ਕਲੀਨ ਚਿੱਟ ਮਿਲਣ ਦੇ ਬਾਵਜੂਦ ਉਨ੍ਹਾਂ ਨੂੰ ਤਲਬ ਕਿਉਂ ਕੀਤਾ ਗਿਆ, ਇਹ ਸਵਾਲ ਹਾਲੇ ਵੀ ਬਰਕਰਾਰ ਹੈ। ਕਮਿਸ਼ਨਰ ਬੀ ਪੁਰੂਸ਼ਾਰਥ ਹਾਲੇ ਵੀ ਇਸ ਬਾਰੇ ਕੋਈ ਟਿੱਪਣੀ ਨਹੀਂ ਕਰ ਰਹੇ ਜਦਕਿ ਉਨ੍ਹਾਂ ਨੇ ਸਿਰਫ਼ ਇੰਨੀ ਗੱਲ ਹੀ ਆਖੀ ਕਿ ਜੇਕਰ ਜ਼ਰੂਰਤ ਪਈ ਤਾਂ ਕਿਸੇ ਨੂੰ ਵੀ ਜਾਂਚ ਲਈ ਬੁਲਾਇਆ ਜਾ ਸਕਦਾ ਹੈ।
ਇਸ ਤਹਿਤ ਨਵਜੋਤ ਕੌਰ ਸਿੱਧੂ ਆਪਣੇ ਬਿਆਨ ਦਰਜ ਕਰਵਾਉਣ ਲਈ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ਪੁੱਜੇ। ਉਨ੍ਹਾਂ ਨੇ ਆਪਣੇ ਬਿਆਨ ਦਰਜ ਕਰਵਾਏ ਪਰ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਉਨ੍ਹਾਂ ਸਿਰਫ ਇਹੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਅੱਜ ਰੁੱਝੇ ਹਨ ਕਿਉਂਕਿ ਉਨ੍ਹਾਂ ਦੇ ਪਹਿਲਾਂ ਤੋਂ ਪ੍ਰੋਗਰਾਮ ਤੈਅ ਸਨ ਤੇ ਉਨ੍ਹਾਂ ਨੇ ਆਪਣਾ ਪੱਖ ਅੰਦਰ ਰੱਖ ਦਿੱਤਾ ਹੈ। ਇਸ ਨੂੰ ਮੀਡੀਆ ਵਿੱਚ ਨਹੀਂ ਦੱਸਿਆ ਜਾ ਸਕਦਾ।
ਰੇਲ ਹਾਦਸੇ ਤੋਂ ਬਾਅਦ ਵਿਰੋਧੀ ਧਿਰਾਂ ਲਗਾਤਾਰ ਨਵਜੋਤ ਕੌਰ ਸਿੱਧੂ ਨੂੰ ਤੇ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਦੋ ਦਿਨ ਪਹਿਲਾਂ ਹੀ ਸਿੱਟ ਨੇ ਸਿੱਧੂ ਜੋੜੇ ਨੂੰ ਸੰਮਨ ਕਰਕੇ ਬਿਆਨ ਦਰਜ ਕਰਵਾਉਣ ਲਈ ਕਿਹਾ ਸੀ। ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਦੇ ਬਿਆਨ ਲਿਖ਼ਤੀ ਰੂਪ ਵਿੱਚ ਕਮਿਸ਼ਨ ਕੋਲ ਪਹੁੰਚਾ ਦਿੱਤੇ ਗਏ ਹਨ।