ਬੇਅਦਬੀ ਕਾਂਡ ਬਾਰੇ ਇਸ ਲਈ ਬਦਲੇ ਹਿੰਮਤ ਸਿੰਘ ਦੇ ਬਿਆਨ!
ਏਬੀਪੀ ਸਾਂਝਾ | 23 Aug 2018 01:59 PM (IST)
ਚੰਡੀਗੜ੍ਹ: ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ 4 ਅਗਸਤ ਨੂੰ ਵੱਡੀ ਰਾਹਤ ਦਿੰਦਿਆਂ ਸ੍ਰੀ ਅਕਾਲ ਤਖ਼ਤ ਦਾ ਹੈੱਡ ਗ੍ਰੰਥੀ ਲਾਇਆ ਗਿਆ। ਇਸ ਤੋਂ ਕੁਝ ਦਿਨ ਮਗਰੋਂ ਹੀ ਉਨ੍ਹਾਂ ਦੇ ਭਰਾ ਹਿੰਮਤ ਸਿੰਘ ਬੇਅਦਬੀ ਮਾਮਲੇ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਤੇ ਬਿਆਨਾਂ ਤੋਂ ਪਲਟ ਗਏ। ਇਸ ਨੂੰ ਲੈ ਕੇ ਸਿੱਖ ਹਲਕਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ। ਦਰਅਸਲ ਇਸ ਸਾਰੇ ਮਾਮਲੇ ਦੀਆਂ ਕੜੀਆਂ ਜੁੜਦੀਆਂ ਨਜ਼ਰ ਆ ਰਹੀਆਂ ਹਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 24 ਅਗਸਤ ਨੂੰ ਸ਼ੁਰੂ ਹੋਣ ਜਾ ਰਹੇ ਵਿਧਾਨ ਸਭਾ ਇਜਲਾਸ ਵਿੱਚ ਪੇਸ਼ ਹੋਣ ਜਾ ਰਹੀ ਹੈ। ਉਂਝ ਇਹ ਰਿਪੋਰਟ ਪਹਿਲਾਂ ਹੀ ਲੀਕ ਹੋ ਚੱਕੀ ਹੈ। ਇਸ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਆਉਂਦਾ ਹੈ। ਇਸ ਲਈ ਹਿੰਮਤ ਸਿੰਘ ਦੀ ਪਲਟੀ ਨੂੰ ਇਸ ਸਾਰੇ ਘਟਨਾਕ੍ਰਮ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਮੈਂਬਰ ਸੁਖਦੇਵ ਸਿੰਘ ਭੌਰ ਦਾ ਕਹਿਣਾ ਹੈ ਕਿ ਹਿੰਮਤ ਸਿੰਘ ਵੱਲੋਂ ਆਪਣੇ ਪਹਿਲੇ ਬਿਆਨਾਂ ਤੋਂ ਪਾਸਾ ਵੱਟਣ ਕਰਕੇ ਕਈ ਸਵਾਲ ਖੜ੍ਹੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਸਤੰਬਰ 2015 ਵਿੱਚ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਗਿਆਨੀ ਗੁਰਮੁਖ ਸਿੰਘ ਤੇ ਉਸ ਦੇ ਭਰਾ ਹਿੰਮਤ ਸਿੰਘ ਵੱਲੋਂ ਜੋ ਬਿਆਨ ਦਿੱਤੇ ਗਏ ਸਨ, ਉਹ ਅੱਜ ਵੀ ਸੋਸ਼ਲ ਮੀਡੀਆ ’ਤੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਬਿਆਨਾਂ ਤੋਂ ਮੁਨਕਰ ਨਹੀਂ ਹੋ ਸਕਦੇ ਪਰ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਤੇ ਗਏ ਬਿਆਨ ਤੋਂ ਪਾਸਾ ਵੱਟਣ ਨਾਲ ਇਹ ਸਵਾਲ ਪੈਦਾ ਹੋਇਆ ਹੈ ਕਿ ਸਤੰਬਰ 2015 ਦੀ ਕਾਰਵਾਈ ਵੇਲੇ ਨਾ ਤਾਂ ਕਾਂਗਰਸ ਸਰਕਾਰ ਸੀ ਤੇ ਨਾ ਹੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਥਾਪਤ ਸੀ। ਉਸ ਵੇਲੇ ਦਿੱਤੇ ਗਏ ਬਿਆਨ ਪੰਥਕ ਦਬਾਅ ਹੇਠ ਦਿੱਤੇ ਗਏ ਸਨ, ਜਿਸ ਕਾਰਨ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ 21 ਅਪਰੈਲ, 2017 ਨੂੰ ਗਿਆਨੀ ਗੁਰਮੁਖ ਸਿੰਘ ਦਾ ਤਬਾਦਲਾ ਧਮਧਾਨ ਸਾਹਿਬ ਕਰ ਦਿੱਤਾ ਸੀ। ਉਸ ਵੇਲੇ ਰਿਹਾਇਸ਼ੀ ਕੁਆਰਟਰ ਖਾਲੀ ਨਾ ਕਰਨ ’ਤੇ ਉਸ ਦਾ ਬਿਜਲੀ ਤੇ ਪਾਣੀ ਦਾ ਕੁਨੈਕਸ਼ਨ ਵੀ ਕੱਟ ਦਿੱਤਾ ਗਿਆ ਸੀ। ਉਨ੍ਹਾਂ ਆਖਿਆ ਕਿ ਹਿੰਮਤ ਸਿੰਘ ਨੇ ਆਪਣੇ ਬਿਆਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਦਸੰਬਰ 2017 ਵਿੱਚ ਦਰਜ ਕਰਾਏ ਸਨ ਤੇ ਹੁਣ ਅਗਸਤ 2018 ਵਿੱਚ ਇਸ ਤੋਂ ਮੁੱਕਰ ਗਿਆ ਹੈ। ਜਦੋਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 24 ਅਗਸਤ ਨੂੰ ਵਿਧਾਨ ਸਭਾ ਵਿਚ ਪੇਸ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਚਾਰ ਅਗਸਤ ਨੂੰ ਗਿਆਨੀ ਗੁਰਮੁਖ ਸਿੰਘ ਦਾ ਤਬਾਦਲਾ ਅੰਮ੍ਰਿਤਸਰ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਨਿਯੁਕਤ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਇਸ ਸਮੇਂ ਦੌਰਾਨ ਹਿੰਮਤ ਸਿੰਘ ਨੇ ਪਹਿਲਾਂ ਕਿਉਂ ਨਹੀਂ ਆਖਿਆ ਕਿ ਉਸ ’ਤੇ ਦਬਾਅ ਪਾਇਆ ਗਿਆ ਸੀ।