ਚੰਡੀਗੜ੍ਹ: 1984 ਵਿੱਚ ਸਿੱਖ ਕਤਲੇਆਮ ਨੂੰ ਲੈ ਕੇ ਸੰਯੁਕਤ ਰਾਸ਼ਟਰ (ਯੂਐਨ) ਉਪਰ ਸਵਾਲ ਉੱਠੇ ਹਨ। ਯੂਐਨ ਦੇ ਮਨੁੱਖੀ ਅਧਿਕਾਰ ਵਿੰਗ ਵੱਲੋਂ ਜੰਮ-ਕਸ਼ਮੀਰ ਵਿੱਚ ਹਿੰਸਾ ਬਾਰੇ ਟਿੱਪਣੀ ਮਗਰੋਂ ਯੂਨਾਈਟਿਡ ਸਿੱਖ ਮੂਵਮੈਂਟ ਨੇ ਸਵਾਲ ਕੀਤਾ ਹੈ ਕਿ 1984 ਵਿੱਚ ਸਿੱਖ ਕਤਲੇਆਮ ਵੇਲੇ ਸੰਯੁਕਤ ਰਾਸ਼ਟਰ ਕਿੱਥੇ ਸੀ। ਜਥੇਬੰਦੀ ਨੇ ਸੰਯੁਕਤ ਰਾਸ਼ਟਰ (ਯੂਐਨ) ਉਪਰ ਸਵਾਲ ਖੜ੍ਹਾ ਕਰਦਿਆਂ ਕਿਹਾ ਹੈ ਕਿ ਜਦੋਂ ਸਾਲ 1984 ਵਿੱਚ ਦਿੱਲੀ ਸਮੇਤ ਭਾਰਤ ਦੇ ਹੋਰ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ ਤਾਂ ਉਸ ਵੇਲੇ ਉਸ ਨੇ ਅੱਖਾਂ ਕਿਉਂ ਮੀਟੀਆਂ ਸਨ।   ਸਿੱਖ ਮੂਵਮੈਂਟ ਦੇ ਆਗੂਆਂ ਚੰਣਨ ਸਿੰਘ ਸਿੱਧੂ, ਡਾ. ਭਗਵਾਨ ਸਿੰਘ, ਗੁਰਨਾਮ ਸਿੰਘ ਸਿੱਧੂ ਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਯੂਐਨ ਦੇ ਮਨੁੱਖੀ ਅਧਿਕਾਰ ਵਿੰਗ ਨੇ ਜੰਮੂ-ਕਸ਼ਮੀਰ ਦੇ ਹਾਲਾਤ ਉਪਰ ਟਿੱਪਣੀ ਕਰਦਿਆਂ ਕਿਹਾ ਕਿ ਇੱਥੇ ਪਾਕਿਸਤਾਨ ਤੇ ਭਾਰਤ ਦੋਵੇਂ ਦੇਸ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੇ ਹਨ। ਆਗੂਆਂ ਨੇ ਸਵਾਲ ਕੀਤਾ ਕਿ ਜੇ ਯੂਐਨ ਦਾ ਮਨੁੱਖੀ ਅਧਿਕਾਰ ਵਿੰਗ ਜੰਮੂ ਕਸ਼ਮੀਰ ਦੇ ਮੁੱਦੇ ਉਪਰ ਟਿੱਪਣੀ ਕਰ ਸਕਦਾ ਹੈ ਤਾਂ ਜਦੋਂ 1984 ਵਿੱਚ ਸ਼ਰੇਆਮ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ ਤਾਂ ਉਸ ਵੇਲੇ ਯੂਐਨ ਖਾਮੋਸ਼ ਕਿਉਂ ਰਿਹਾ ਸੀ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਦਾ ਸਾਲ 1995 ਤਕ ਪੰਜਾਬ ਵਿੱਚ ਘਾਣ ਕੀਤਾ ਜਾਂਦਾ ਰਿਹਾ ਹੈ ਪਰ ਉਸ ਵੇਲੇ ਵੀ ਕਿਸੇ ਨੇ ਮਨੁੱਖੀ ਹੱਕਾਂ ਦੀ ਗੱਲ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਦਿੱਲੀ ਵਿੱਚ ਯੂਐਨ ਦੇ ਮਨੁੱਖੀ ਅਧਿਕਾਰ ਵਿੰਗ ਦੇ ਅਧਿਕਾਰੀਆਂ ਨੂੰ ਮਿਲ ਕੇ ਮੰਗ ਪੱਤਰ ਦੇਣਗੇ ਤੇ ਮੰਗ ਕੀਤੀ ਜਾਵੇਗੀ ਕਿ 1984 ਦੇ ਸਿੱਖ ਕਤਲੇਆਮ ਬਾਰੇ ਘੋਖ ਕੀਤੀ ਜਾਵੇ। ਇਸ ਮੌਕੇ ਜੇਲ੍ਹਾਂ ਵਿੱਚ ਸੜ ਰਹੇ ਸਿੱਖ ਬੰਦੀਆਂ ਦੀ ਰਿਹਾਈ ਦਾ ਮੁੱਦਾ ਵੀ ਉਠਾਇਆ ਜਾਵੇਗਾ।