ਚੰਡੀਗੜ੍ਹ: 'ਸਰਬੱਤ ਖ਼ਾਲਸਾ’ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਹਦਾਇਤ 'ਤੇ ਅੱਜ ਪੰਥਕ ਲੀਡਰ ਚੰਡੀਗੜ੍ਹ ਵਿੱਚ ਇਕੱਤਰ ਹੋਏ। ਇਸ ਪੰਥਕ ਇਕੱਠ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਵੀ ਸ਼ਾਮਲ ਹੋਏ। ਪਤਾ ਲੱਗਾ ਹੈ ਕਿ ਇਕੱਠ ਵਿੱਚ ਖਾਲਿਸਤਾਨੀ ਨਾਅਰੇ ਵੀ ਲੱਗੇ।


ਇਸ ਇਕੱਠ ਵਿੱਚ ਪੰਥਕ ਧਿਰਾਂ ਕੋਲੋਂ ਮੁੜ ਬਰਗਾੜੀ ਮੋਰਚਾ ਸ਼ੁਰੂ ਕਰਨ ਲਈ ਸੁਝਾਅ ਮੰਗੇ ਗਏ। ਇਸ ਤੋਂ ਇਲਾਵਾ ਹੋਰ ਪੰਥਕ ਮੁੱਦਿਆਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਕੱਠ ਵਿੱਚ ਬਰਗਾੜੀ ਮੋਰਚੇ ਲਈ ਤਿੰਨ ਮੰਗਾਂ ਰੱਖੀਆਂ ਗਈਆਂ। ਇਨ੍ਹਾਂ ਵਿੱਚ ਬੇਅਦਬੀ ਮਾਮਲੇ ਦੇ ਦੋਸ਼ੀ ਫੜੇ ਜਾਣ, ਦੋਸ਼ੀ ਪੁਲਿਸ ਵਾਲਿਆਂ ਖਿਲਾਫ ਕਾਰਵਾਈ ਹੋਵੇ ਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਸ਼ਾਮਲ ਹਨ।

ਯਾਦ ਰਹੇ ਪਿਛਲੇ ਦਿਨੀਂ ਜਗਤਾਰ ਸਿੰਘ ਹਵਾਰਾ ਵੱਲੋਂ ਬਰਗਾੜੀ ਇਨਸਾਫ਼ ਮੋਰਚਾ ਦੀ ਕਮਾਨ ਸੰਭਲਦਿਆਂ ਪਹਿਲਾਂ ਲਏ ਗਏ ਸਾਰੇ ਫੈਸਲੇ ਰੱਦ ਕਰ ਦਿੱਤੇ ਗਏ ਸਨ। ਇਨ੍ਹਾਂ ਫੈਸਲਿਆਂ ਵਿੱਚ ਲੋਕ ਸਭਾ ਤੇ ਸ਼੍ਰੋਮਣੀ ਕਮੇਟੀ (ਐਸਜੀਪੀਸੀ) ਦੀਆਂ ਚੋਣਾਂ ਲੜਣਾ ਵੀ ਸ਼ਾਮਲ ਸੀ। ਇਸ ਮਗਰੋਂ ਹਵਾਰਾ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ 27 ਜਨਵਰੀ ਨੂੰ ਚੰਡੀਗੜ੍ਹ ਵਿੱਚ ਇਕੱਠ ਸੱਦਿਆ ਸੀ।