ਚੰਡੀਗੜ੍ਹ: ਖੇਤੀਬਾੜੀ ਸੈਕਟਰ ਲਈ ਮੁਫਤ ਬਿਜਲੀ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਵੀ ਕਸੂਤਾ ਘਿਰ ਗਿਆ ਹੈ। ਕਾਂਗਰਸ ਨੇ ਅਕਾਲੀ ਦਲ ਨੂੰ ਵੰਗਾਰਦਿਆਂ ਕਿਹਾ ਹੈ ਕਿ ਕੀ ਹੁਣ ਕੇਂਦਰ ਵਿਚਲੀ ਬੀਜੇਪੀ ਨਾਲੋਂ ਤੋੜ-ਵਿਛੋੜਾ ਕੀਤਾ ਜਾਏਗਾ ਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਬਾਦਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਵੇਗੀ?
ਦਰਅਸਲ ਮੋਦੀ ਸਰਕਾਰ ਨੇ ਪੰਜਾਬ ਸਰਕਾਰ 'ਤੇ ਸ਼ਰਤ ਲਾ ਦਿੱਤੀ ਹੈ ਕਿ ਕੋਰੋਨਾ ਸੰਕਟ ਦੌਰਾਨ ਫੰਡ ਹਾਸਲ ਕਰਨ ਤੋਂ ਪਹਿਲਾਂ ਬਿਜਲੀ ਸੁਧਾਰਾਂ ਤਹਿਤ ਕਿਸਾਨਾਂ ਤੋਂ ਬਿੱਲ ਵਸੂਲੇ ਜਾਣ ਤੇ ਸਬਸਿਡੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਈ ਜਾਵੇ। ਆਰਥਿਕ ਤੰਗੀ ਨਾਲ ਜੂਝ ਰਹੀ ਕੈਪਟਨ ਸਰਕਾਰ ਨੇ ਸ਼ਰਤ ਮੰਨਣ ਦਾ ਮਨ ਬਣਾਇਆ ਤਾਂ ਅਕਾਲੀ ਦਲ ਮੈਦਾਨ ਵਿੱਚ ਆ ਗਿਆ।
ਚੁਫੇਰਿਓਂ ਵਿਰੋਧ ਮਗਰੋਂ ਕੈਪਟਨ ਸਰਕਾਰ ਨੇ ਬਿੱਲ ਲਾਉਣ ਤੋਂ ਪੂਰੀ ਤਰ੍ਹਾਂ ਇਨਕਾਰ ਕਰਦਿਆਂ ਅਕਾਲੀ ਦਲ ਨੂੰ ਹੀ ਘੇਰ ਲਿਆ। ਕੈਪਟਨ ਨੇ ਖੁਲਾਸਾ ਕੀਤਾ ਕਿ ਪੰਜਾਬ ਸਰਕਾਰ ਬਿੱਲ ਨਹੀਂ ਲਾਉਣਾ ਚਾਹੁੰਦੀ ਪਰ ਅਕਾਲੀ ਦਲ ਦੀ ਭਾਈਵਾਲ ਮੋਦੀ ਸਰਕਾਰ ਹੀ ਔਖੀ ਘੜੀ ਵਿੱਚ ਬਾਂਹ ਮਰੋੜ ਰਹੀ ਹੈ। ਇਸ ਲਈ ਹੁਣ ਅਕਾਲੀ ਦਲ ਨੂੰ ਸਰਕਾਰ ਤੋਂ ਬਾਹਰ ਆਉਣਾ ਚਾਹੀਦਾ ਹੈ ਤੇ ਹਰਸਿਮਰਤ ਬਾਦਲ ਨੂੰ ਮੰਤਰੀ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਕਟ ਦੀ ਘੜੀ ਵਿੱਚ ਪੰਜਾਬ ਨੂੰ ਰਾਹਤ ਦੇਣ ਦੀ ਬਜਾਏ ਸ਼ਰਤਾਂ ਥੋਪਣ ਵਾਲੀ ਕੇਂਦਰ ਸਰਕਾਰ ਦੀ ਕੈਬਨਿਟ ’ਚੋਂ ਹਰਸਿਮਰਤ ਕੌਰ ਬਾਦਲ ਫੌਰੀ ਬਾਹਰ ਆਉਣ ਤੇ ਸੁਖਬੀਰ ਸਿੰਘ ਬਾਦਲ ਐਨਡੀਏ ਨਾਲੋਂ ਨਾਤਾ ਤੋੜਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਫ਼ੈਸਲਾ ਲੈਣ ਦੀ ਸ਼ਰਤ ਲਾਈ ਹੈ ਪਰ ਉਹ ਇਸ ਨੂੰ ਸਵੀਕਾਰ ਨਹੀਂ ਕਰਨਗੇ। ਕਾਂਗਰਸ ਸਰਕਾਰ ਕਿਸੇ ਵੀ ਕੀਮਤ ’ਤੇ ਖੇਤੀ ਮੋਟਰਾਂ ਲਈ ਮੁਫ਼ਤ ਬਿਜਲੀ ਸਪਲਾਈ ਬੰਦ ਨਹੀਂ ਕਰੇਗੀ।
ਕਾਬਲੇਗੌਰ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਵਾਧੂ ਕਰਜ਼ ਹੱਦ ਬਦਲੇ ਖੇਤੀ ਮੋਟਰਾਂ ਲਈ ਸਿੱਧੀ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ ਦੀ ਸ਼ਰਤ ਲਾਈ ਸੀ, ਜਿਸ ਨੂੰ ਮੰਤਰੀ ਮੰਡਲ ਨੇ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਸੀ। ਇਸ ਮੁੱਦੇ ’ਤੇ ਅਕਾਲੀ ਦਲ ਨੇ ਕਾਂਗਰਸ ਸਰਕਾਰ ’ਤੇ ਤਿੱਖੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ। ਕੈਪਟਨ ਨੇ ਕਿਹਾ ਕਿ ਕੇਂਦਰ ਦਾ ਸੁਝਾਅ ਮੁਲਕ ਦੇ ਸੰਘੀ ਢਾਂਚੇ ’ਤੇ ਸਿੱਧਾ ਹਮਲਾ ਹੈ ਤੇ ਇਹ ਮਾਮਲਾ ਕੇਂਦਰ ਕੋਲ ਉਠਾਇਆ ਜਾਵੇਗਾ। ਪੰਜਾਬ ਵਿੱਚ ਕਾਂਗਰਸ ਸਰਕਾਰ ਦੌਰਾਨ ਮੁਫ਼ਤ ਬਿਜਲੀ ਸਹੂਲਤ ਜਾਰੀ ਰਹੇਗੀ।
ਬੀਜੇਪੀ ਨਾਲੋਂ ਨਾਤਾ ਤੋੜੇਗਾ ਅਕਾਲੀ ਦਲ? ਹਰਸਿਮਰਤ ਬਾਦਲ ਦੇਵੇਗੀ ਅਸਤੀਫਾ? ਕੈਪਟਨ ਦੇ ਸੁਖਬੀਰ ਨੂੰ ਸਵਾਲ
ਏਬੀਪੀ ਸਾਂਝਾ
Updated at:
31 May 2020 02:58 PM (IST)
ਖੇਤੀਬਾੜੀ ਸੈਕਟਰ ਲਈ ਮੁਫਤ ਬਿਜਲੀ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਵੀ ਕਸੂਤਾ ਘਿਰ ਗਿਆ ਹੈ। ਕਾਂਗਰਸ ਨੇ ਅਕਾਲੀ ਦਲ ਨੂੰ ਵੰਗਾਰਦਿਆਂ ਕਿਹਾ ਹੈ ਕਿ ਕੀ ਹੁਣ ਕੇਂਦਰ ਵਿਚਲੀ ਬੀਜੇਪੀ ਨਾਲੋਂ ਤੋੜ-ਵਿਛੋੜਾ ਕੀਤਾ ਜਾਏਗਾ ਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਬਾਦਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਵੇਗੀ?
- - - - - - - - - Advertisement - - - - - - - - -