ਚੰਡੀਗੜ੍ਹ: ਪਟਿਆਲਾ ਦਾ ਰਹਿਣ ਵਾਲਾ ਸ਼ਖਸ 28 ਸਾਲ ਬਾਅਦ ਕੋਰੋਨਾ ਵਾਇਰਸ ਕਾਰਨ ਗ੍ਰਿਫ਼ਤਾਰ ਹੋ ਗਿਆ। ਦਰਅਸਲ ਧੋਖਾਧੜੀ ਦੇ ਮਾਮਲੇ ਤੋਂ ਬਚਣ ਲਈ ਨਿਰਮਲ ਸਿੰਘ ਇੱਕ ਤੋਂ ਬਾਅਦ ਇੱਕ ਤਰਕੀਬਾ ਲਾਉਂਦਾ ਰਿਹਾ। ਪਹਿਲਾਂ ਉਸ ਨੇ ਮੌਤ ਦਾ ਸਰਟੀਫਿਕੇਟ ਬਣਾ ਕੇ ਸੀਬੀਆਈ ਨੂੰ ਗੁੰਮਰਾਹ ਕੀਤਾ। ਫਿਰ ਨਾਂ ਬਦਲ ਕੇ ਅਮਰੀਕਾ ਚਲਾ ਗਿਆ ਤੇ ਉੱਥੋਂ ਦੀ ਨਾਗਰਿਕਤਾ ਵੀ ਲੈ ਲਈ। ਹੁਣ 28 ਸਾਲ ਬਾਅਦ ਕੋਰੋਨਾ ਤੋਂ ਡਰਦਾ ਭਾਰਤ ਆਇਆ ਪਰ ਸੀਬੀਆਈ ਨੇ ਦਬੋਚ ਲਿਆ।
ਪਟਿਆਲਾ ਦੇ ਪੰਜਾਬੀ ਬਾਗ 'ਚ ਸਥਿਤ ਕੋਠੀ 'ਚ ਰਹਿ ਰਹੇ ਨਿਰਮਲ ਸਿੰਘ ਨੂੰ ਸੀਬੀਆਈ ਟੀਮ ਨੇ ਗ੍ਰਿਫਤਾਰ ਕਰ ਲਿਆ। 65 ਸਾਲਾ ਨਿਰਮਲ ਸਿੰਘ ਐਨਐਸ ਬਾਠ ਦੇ ਨਾਂ 'ਤੇ ਰਹਿ ਰਿਹਾ ਸੀ। ਉਸ ਦੀ ਪਤਨੀ ਪੀਐਸ ਬਾਠ 'ਤੇ ਵੀ ਕੇਸ ਦਰਜ ਕੀਤਾ ਗਿਆ ਹੈ ਕਿਉਂਕਿ ਉਸ ਨੇ ਨਿਰਮਲ ਸਿੰਘ ਦੇ ਲੁਕਣ 'ਚ ਮਦਦ ਕੀਤੀ।
ਸੀਬੀਆਈ ਮੁਤਾਬਕ 1985 'ਚ ਨਿਰਮਲ ਸਿੰਘ ਨੇ ਢਾਈ ਲੱਖ ਦੀ ਠੱਗੀ ਮਾਰੀ ਸੀ। ਮਾਮਲਾ ਹਾਈਪ੍ਰੋਫਾਇਲ ਹੋਣ ਤੋਂ ਬਾਅਦ ਜਾਂਚ ਸੀਬੀਆਈ ਨੂੰ ਸੌਂਪੀ ਗਈ। 1990 'ਚ ਸੀਬੀਆਈ ਨੇ ਕੇਸ ਦਰਜ ਕੀਤਾ ਤਾਂ 1991 'ਚ ਉਸ ਦੇ ਪਰਿਵਾਰ ਨੇ ਨਿਰਮਲ ਸਿੰਘ ਨੂੰ ਮ੍ਰਿਤਕ ਲਿਖਵਾ ਦਿੱਤਾ। ਇੰਨਾ ਹੀ ਨਹੀਂ ਇੱਕ ਵਿਅਕਤੀ ਦੀ ਲਾਸ਼ ਨੂੰ ਨਿਰਮਲ ਸਿੰਘ ਦੀ ਦੱਸ ਕੇ ਸਸਕਾਰ ਵੀ ਕਰ ਦਿੱਤਾ ਗਿਆ ਤੇ ਮੌਤ ਦਾ ਸਰਟੀਫਿਕੇਟ ਬਣਵਾ ਲਿਆ ਗਿਆ।
ਇਸ ਮਗਰੋਂ ਨਿਰਮਲ ਸਿੰਘ ਐਨਐਸ ਬਾਠ ਦੇ ਨਾਂਅ 'ਤੇ ਫਰਜ਼ੀ ਪਾਸਪੋਰਟ ਬਣਵਾ ਕੇ ਅਮਰੀਕਾ ਚਲਾ ਗਿਆ। ਕੋਰੋਨਾ ਵਾਇਰਸ ਦੇ ਸਹਿਮ ਕਾਰਨ ਦੋ ਮਹੀਨੇ ਪਹਿਲਾਂ ਹੀ ਅਮਰੀਕਾ ਤੋਂ ਪਰਤਿਆ ਸੀ। ਸੀਬੀਆਈ ਨੇ ਪੂਰੀ ਜਾਣਕਾਰੀ ਤਹਿਤ ਉਸ ਨੂੰ ਫੜਨ ਉਸਦੇ ਘਰ ਪਹੁੰਚੀ। ਨਿਰਮਲ ਸਿੰਘ ਤੇ ਉਸ ਦੀ ਪਤਨੀ ਨੂੰ ਸੀਬੀਆਈ ਟੀਮ ਵੱਲੋਂ ਹਿਰਾਸਤ 'ਚ ਲੈ ਲਿਆ ਗਿਆ। ਦੋਵਾਂ ਦਾ ਮੈਡੀਕਲ ਕਰਵਾ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਦਰਅਸਲ ਨਿਰਮਲ ਸਿੰਘ ਦੀ ਪਤਨੀ ਨੇ ਇਕ ਯੂਟਿਊਬ ਚੈਨਲ ਖੋਲਿਆ ਹੋਇਆ ਸੀ। ਕੁਝ ਮਹੀਨੇ ਪਹਿਲਾਂ ਉਸ ਨੇ ਇਹ ਕਿਸੇ ਦੂਜੇ ਵਿਅਕਤੀ ਨੂੰ ਸੌਂਪ ਦਿੱਤਾ ਸੀ ਤੇ ਇਸ ਦੌਰਾਨ ਦੋਵਾਂ 'ਚ ਵਿਵਾਦ ਹੋ ਗਿਆ। ਇਸ ਦੀ ਸ਼ਿਕਾਇਤ ਸਿਵਲ ਲਾਇਨ ਥਾਣੇ 'ਚ ਕਰਵਾਈ ਗਈ ਸੀ। ਦੋਵਾਂ 'ਚ ਝਗੜਾ ਏਨਾ ਵਧ ਗਿਆ ਕਿ ਨਿਰਮਲ ਸਿੰਘ ਦੀਆਂ ਚਲਾਕੀਆਂ ਦੀ ਸੂਚਨਾ ਸੀਬੀਆਈ ਤਕ ਵੀ ਪਹੁੰਚ ਗਈ।
ਇਹ ਵੀ ਪੜ੍ਹੋ: ਸਰਹੱਦ 'ਤੇ ਡਟੇ ਪੰਜਾਬੀ, ਸੂਬੇ 'ਚ ਵੜਦਿਆਂ ਹੀ ਟਿੱਡੀ ਦਲ ਹੋਏਗਾ ਤਬਾਹ
ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਨਿਰਮਲ ਸਿੰਘ ਦੀ ਲਾਸ਼ ਦਿਖਾਏ ਜਾਣ ਵਾਲਾ ਵਿਅਕਤੀ ਕੌਣ ਸੀ। ਕਿਤੇ ਉਸ ਦੀ ਹੱਤਿਆ ਤਾਂ ਨਹੀਂ ਕੀਤੀ ਗਈ। ਠੱਗੀ ਕਿਸ-ਕਿਸ ਮਾਮਲੇ 'ਚ ਕੀਤੀ ਸੀ।
ਇਹ ਵੀ ਪੜ੍ਹੋ: ਅਨਲੌਕ-1 ਲਈ ਸਰਕਾਰ ਵੱਲੋਂ ਨਵੇਂ ਹੁਕਮ, ਧਾਰਮਿਕ ਸਥਾਨ ਖੁੱਲ੍ਹੇ, ਸਕੂਲ-ਕਾਲਜ ਰਹਿਣਗੇ ਅਜੇ ਬੰਦ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ