ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਿਸ ਪਾਰਟੀ ਦੀ ਹਮਾਇਤ ਕਰੇਗਾ, ਇਸ ਦਾ ਫੈਸਲਾ 24 ਜਨਵਰੀ ਨੂੰ ਹੋ ਰਹੀ ਮੀਟਿੰਗ ਵਿੱਚ ਹੋਏਗਾ। ਅੱਜ ਕੋਰ ਕਮੇਟੀ ਦੀ ਮੀਟਿੰਗ ਵਿੱਚ ਦਿੱਲੀ ਇਕਾਈ ਨੂੰ ਇਸ ਬਾਰੇ ਫੈਸਲਾ ਲੈਣ ਦੇ ਪੂਰੇ ਹੱਕ ਦੇ ਦਿੱਤੇ ਗਏ ਹਨ।

ਬੀਜੇਪੀ ਨਾਲੋਂ ਤੋੜ-ਵਿਛੋੜਾ ਕਰਨ ਮਗਰੋਂ ਅਕਾਲੀ ਦਲ ਦੀ ਹਾਲਤ ਅਜੀਬ ਬਣਾ ਗਈ ਹੈ। ਇਸ ਬਾਰੇ ਅੱਜ ਕੋਰ ਕਮੇਟੀ ਦੀ ਮੀਟਿੰਗ ਵਿੱਚ ਵਿਚਾਰਿਆ ਗਿਆ। ਅਕਾਲੀ ਦਲ ਦੀ ਦਿੱਲੀ ਇਕਾਈ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਕਿਸ ਪਾਰਟੀ ਦੀ ਹਮਾਇਤ ਕਰਨੀ ਹੈ, ਇਸ ਦਾ ਫੈਸਲੇ ਲਈ 24 ਜਨਵਰੀ ਨੂੰ ਮੀਟਿੰਗ ਕੀਤੀ ਜਾਏਗੀ।

ਆਮ ਆਦਮੀ ਪਾਰਟੀ ਦੀ ਹਮਾਇਤ ਕਰਨ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਦਰਵਾਜ਼ੇ ਕਿਸੇ ਲਈ ਵੀ ਖੁੱਲ੍ਹੇ ਹਨ ਪਰ 'ਆਪ' ਤੇ ਕਾਂਗਰਸ ਦੀ ਹਮਾਇਤ ਕਰਨਾ ਕਾਲਪਨਿਕ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਮੁਤਾਬਕ ਹੀ ਫੈਸਲਾ ਲਿਆ ਜਾਏਗਾ।