ਲੁਧਿਆਣਾ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅੱਜ ਲੁਧਿਆਣਾ ਪਹੁੰਚੇ। ਇੱਥੇ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਦੀ ਸ਼ੁਰੂਆਤ ਨਾਲ ਹੀ ਆਪਣੇ ਦੌਰੇ ਦਾ ਆਗਾਜ਼ ਕੀਤਾ। ਸਥਾਨਕ ਸਰਕਟ ਹਾਊਸ ਵਿੱਚ ਕਾਂਗਰਸ ਦੇ ਕੌਂਸਲਰਾਂ ਨਾਲ ਬੈਠਕ ਕਰਨ ਪਹੁੰਚੇ ਨਵਜੋਤ ਸਿੱਧੂ ਨੇ ਪ੍ਰੈੱਸ ਕਾਨਫਰੰਸ ਵਿੱਚ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਬੀਤੇ ਦਿਨੀਂ ਸਨਅਤਕਾਰਾਂ ਨਾਲ ਕੀਤੀ ਗਈ ਮੁਲਾਕਾਤ 'ਤੇ ਤੰਜ ਕੱਸਦਿਆਂ ਕੀਤੀ।
ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਹੈ ਤੇ ਬੇਰੁਜ਼ਗਾਰੀ ਖ਼ਤਮ ਕਰਨ ਲਈ ਇੰਡਸਟਰੀ ਨੂੰ ਮਜ਼ਬੂਤ ਕਰਨਾ ਬੇਹੱਦ ਜ਼ਰੂਰੀ ਹੈ। ਇਸ ਨੂੰ ਲੈ ਕੇ ਉਹ ਪਲੈਨ ਤਿਆਰ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਜੋ ਨਿਵੇਸ਼ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ, ਉਹ ਸਭ ਫੋਕੇ ਨਿਕਲੇ ਸਨ। ਉਨ੍ਹਾਂ ਕਿਹਾ ਕਿ ਦਾਅਵਾ ਸੈਂਕੜੇ ਨਿਵੇਸ਼ਕਾਂ ਦਾ ਕੀਤਾ ਸੀ ਪਰ ਦਰਜਨਾਂ ਨੇ ਹੀ ਨਿਵੇਸ਼ ਕੀਤਾ ਹੈ।
ਹਾਲਾਂਕਿ ਨਵਜੋਤ ਸਿੱਧੂ ਨੇ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਤਾਂ ਨਹੀਂ ਦਿੱਤਾ ਪਰ ਇਹ ਜ਼ਰੂਰ ਕਿਹਾ ਕਿ ਪਹਿਲਾਂ ਉਹ ਇਨ੍ਹਾਂ ਸਭ ਚੀਜ਼ਾਂ ਨੂੰ ਇੰਪਲੀਮੈਂਟ ਕਰਨਗੇ। ਉਸ ਤੋਂ ਬਾਅਦ ਹੀ ਜਵਾਬ ਦੇਣਗੇ। ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਸਨਅਤਕਾਰਾਂ ਕੋਲ ਲੇਬਰ ਨਹੀਂ ਕਿਉਂਕਿ ਸਾਡੇ ਡਿਗਰੀਆਂ ਵਾਲੇ ਬੇਰੁਜ਼ਗਾਰਾਂ ਦੀ ਭਰਮਾਰ ਹੈ ਪਰ ਉਨ੍ਹਾਂ ਕੋਲ ਕੋਈ ਸਕਿੱਲ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਸੀਂ ਇੱਕ ਮਾਡਲ ਲੈ ਕੇ ਹੀ ਜਨਤਾ ਦੀ ਕਚਹਿਰੀ ਵਿੱਚ ਉਤਰਾਂਗੇ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਕਾਰਜਕਾਲ ਦੌਰਾਨ ਇੰਡਸਟਰੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਨਵਜੋਤ ਸਿੱਧੂ ਨੂੰ ਆਖਰ ਵਿੱਚ ਜਦੋਂ ਸਿੰਗਲ ਵਿੰਡੋ ਸਿਸਟਮ ਇੰਪਲੀਮੈਂਟ ਕਰਨ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਮੇਅਰ ਹੀ ਦੱਸਣਗੇ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਬਿੱਲ 'ਤੇ ਬਹਿਸ ਨਾ ਕਰਾਉਣ ਕਰਕੇ ਕਸੂਤੀ ਘਿਰ ਮੋਦੀ ਸਰਕਾਰ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904